ਮੰਡ ਇਲਾਕੇ ਜਿੰਦਗੀ ਲੀਂਹ ‘ਤੇ ਪਤਰਣ ਲੱਗੀ
ਕਿਸ਼ਤੀਆਂ ਦੀ ਥਾਂ ਟੈਕਟਰਾਂ ‘ਤੇ ਪਹੁੰਚਣ ਲੱਗੀ ਰਾਹਤ ਸਮੱਗਰੀ
ਲੋਕ ਆਪਣੇ ਮਾਲ-ਡੰਗਰਾਂ ਨੂੰ ਲੈਕੇ ਘਰਾਂ ਨੂੰ ਆ ਰਹੇ ਨੇ ਵਾਪਸ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 10 ਸਤੰਬਰ 2025- ਹੜ੍ਹ ਦੇ ਝੰਬੇ ਲੋਕਾਂ ਦੀ ਜਿੰਦਗੀ ਲੀਂਹ ‘ਤੇ ਆਉਣ ਲੱਗ ਪਈ ਹੈ। ਬਿਆਸ ਦਰਿਆ ਵਿੱਚ ਘਟੇ ਪਾਣੀ ਦੇ ਪੱਧਰ ਨੇ ਮੰਡ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਿਛਲੇ ਇੱਕ ਮਹੀਨੇ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਮੰਡ ਬਾਊਪੁਰ ਇਲਾਕੇ ਦੇ ਲੋਕਾਂ ਨੇ ਪਾਣੀ ਦਾ ਪੱਧਰ ਘੱਟਣ ‘ਤੇ ਸੁਖ ਦਾ ਸਾਹ ਲਿਆ ਤੇ ਉਨ੍ਹਾਂ ਦੇ ਘਰਾਂ ਵਿੱਚ ਮੁੜ ਚੁੱਲ੍ਹੇ ਤਪਣ ਲੱਗ ਪਏ ਹਨ। ਹੜ੍ਹ ਦੇ 30ਵੇਂ ਦਿਨ ਪਾਣੀ ਏਨ੍ਹਾ ਘੱਟ ਗਿਆ ਹੈ ਕਿ ਜਿੱਥੇ ਪਹਿਲਾਂ ਕਿਸ਼ਤੀਆਂ ਚੱਲਦੀਆਂ ਸਨ ਉਨ੍ਹਾਂ ਉਥੇ ਖੇਤਾਂ ਦੇ ਰਾਜੇ ਅਖਵਾਉਂਦੇ ਟੈਰਕਟਰ ਨੇ ਮੁੜ ਆਪਣੀ ਜੁੰੰਮੇਵਾਰੀ ਸੰਭਾਲ ਲਈ ਤੇ ਹੁਣ ਪਿੰਡਾਂ ਲਈ ਆ ਰਹੀ ਰਾਹਤ ਸਮੱਗਰੀ ਸਿੱਧੀ ਟਰੈਕਟਰ ਟਰਾਲੀਆਂ ਰਾਹੀ ਲੋਕਾਂ ਦੇ ਘਰਾਂ ਦੇ ਨੇੜੇ ਪਹੁੰਚਣ ਲੱਗੀ ਹੈ।
ਅੱਜ ਸਵੇਰੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪਾਣੀ ਘੱਟ ਜਾਣ ਕਾਰਨ ਆਪਣੀ ਗੱਡੀ ਰਾਹੀ ਪਿੰਡ ਬਾਊਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਲੰਗਰ ਪਹੁੰਚਾਇਆ। ਬਹੁਤ ਸਾਰੇ ਲੋਕ ਆਪਣਾ ਮਾਲ-ਡੰਗਰ ਲੈਕੇ ਆਪਣੇ ਘਰਾਂ ਨੂੰ ਪਰਤ ਆਏ ਹਨ ਅਤੇ ਉਨ੍ਹਾਂ ਨੇ ਘਰਾਂ ਦੇ ਚਲ੍ਹੇ ਤਪਣੇ ਮੁੜ ਸ਼ੁਰੂ ਹੋ ਗਏ ਹਨ। ਪਾਣੀ ਘੱਟ ਨਾਲ ਲੋਕ ਆਪਣੀ ਤਬਾਹ ਹੋਈ ਝੋਨੇ ਦੀ ਫਸਲ ਨੂੰ ਦੇਖਕੇ ਬਹੁਤ ਦੁੱਖੀ ਹੋ ਰਹੇ ਹਨ।
ਮੰਡ ਦੇ ਕੁਝ ਇਲਾਕੇ ਵਿੱਚ ਅਜੇ ਵੀ ਕਈ ਥਾਂਵਾਂ ‘ਤੇ ਪਾਣੀ ਡੇਢ ਤੋਂ ਦੋ ਫੁੱਟ ਦੇ ਕਰੀਬ ਹੈ। ਇਸ ਦੇ ਬਾਵਜੂਦ ਲੋਕਾਂ ਨੇ ਆਪਣੇ ਘਰਾਂ ਜਾਣਾ ਸ਼ੁਰੂ ਕਰ ਦਿੱਤਾ ਹੈ ਤੇ ਹੜ੍ਹ ਦੇ ਪਾਣੀ ਨਾਲ ਖਰਾਬ ਹੋਈਆਂ ਵਸਤਾਂ ਨੂੰ ਧੁੱਪ ਲਗਾਉਣੀ ਸ਼ੁਰੂ ਕਰ ਦਿੱਤੀ ਹੈ।
ਇਸ ਖਿੱਤੇ ਦੇ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਦਾ ਕਹਿਣਾ ਸੀ, ਉਨ੍ਹਾਂ ਨੇ 1988 ਵਾਲਾ, 1993 ਵਾਲਾ, 2008, 2019 ਅਤੇ 2023 ਵਾਲੇ ਸਾਰੇ ਹੜ੍ਹਾਂ ਨੂੰ ਹੱਡੀ ਹੰਢਾਇਆ ਹੈ ਪਰ 2025 ਦੇ ਹੜ੍ਹ ਦੀ ਤਬਾਹੀ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਮੰਡ ਦੇ 16-17 ਪਿੰਡ ਹਨ। ਇਸ ਖਿੱਤੇ ਦੀ 3500 ਏਕੜ ਜ਼ਮੀਨ ਵਿੱਚ ਕਿਸਾਨਾਂ ਦਾ ਬੀਜਿਆ ਝੋਨਾ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ ਜੋ ਕਿਸਾਨਾਂ ਦੇ ਸਭ ਤੋਂ ਮੁਨਾਫੇ ਵਾਲੀ ਫਸਲ ਸੀ।
ਲੋਕ 30 ਦਿਨਾਂ ਦੇ ਹੜ੍ਹ ਵਾਲੇ ਦਿਨਾਂ ਨੂੰ ਯਾਦ ਕਰਕੇ ਆਖਦੇ ਹਨ ਕਿ ਇੱਕ ਵਾਰ ਤਾਂ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਸਮੇਤ ਘਰ ਅਤੇ ਪਰਿਵਾਰ ਕਿਧਰੇ ਹੜ੍ਹ ਵਿੱਚ ਹੀ ਨਾ ਰੁੜ ਜਾਈਏ। ਪਰ ਲੋਕਾਂ ਨੇ ਹੜ੍ਹਾਂ ਦੌਰਾਨ ਹੀ ਜਿਵੇਂ ਰਾਹਤ ਦੇਣ ਦਾ ਮੋਰਚਾ ਸੰਭਾਲਿਆ ਉਸ ਨੇ ਵੱਡੀ ਉਮੀਦ ਪੈਦਾ ਕਰ ਦਿੱਤੀ ਸੀ ਕਿ ਹੁਣ ਸਾਡਾ ਬਚਾਅ ਯਾਕੀਨੀ ਹੈ। ਲੋਕਾਂ ਨੇ ਹੜ੍ਹ ਪੀੜਤਾਂ ਤੱਕ ਜਿੰਨ੍ਹੀ ਤੇਜ਼ੀ ਨਾਲ ਪਹੁੰਚ ਕੀਤੀ ਉਹ ਆਪਣੇ ਆਪ ਵਿੱਚ ਹੀ ਵੱਡੀ ਮਿਸਾਲ ਹੈ।