ਸਾਵਧਾਨ: ਗੱਡੀਆਂ 'ਤੇ ਕਾਲੀ ਫ਼ਿਲਮ ਲਗਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ! ਏ.ਸੀ.ਪੀ. ਗੁਰਦੇਵ ਸਿੰਘ ਟ੍ਰੈਫ਼ਿਕ ਪੁਲਿਸ
---ਲੁਧਿਆਣਾ ਟ੍ਰੈਫ਼ਿਕ ਪੁਲਿਸ ਹੋਈ ਸਖ਼ਤ; ਨਿਯਮ ਤੋੜਨ 'ਤੇ ਮੌਕੇ 'ਤੇ ਹੀ ਉਤਾਰਨੀ ਪਵੇਗੀ ਫ਼ਿਲਮ
ਸੁਖਮਿੰਦਰ ਭੰਗੂ
ਲੁਧਿਆਣਾ 26 ਫਰਵਰੀ 2026
ਲੁਧਿਆਣਾ: ਸ਼ਹਿਰ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਏ.ਸੀ.ਪੀ. ਗੁਰਦੇਵ ਸਿੰਘ (ਟ੍ਰੈਫ਼ਿਕ ਪੁਲਿਸ, ਲੁਧਿਆਣਾ) ਵੱਲੋਂ ਵਾਹਨ ਚਾਲਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਨਿਰਧਾਰਿਤ ਸੀਮਾ ਤੋਂ ਵੱਧ ਕਾਲੀ ਫ਼ਿਲਮ ਜਾਂ ਟਿੰਟਡ ਗਲਾਸ ਦੀ ਵਰਤੋਂ ਕਰਨਾ ਇੱਕ ਗੰਭੀਰ ਅਪਰਾਧ ਹੈ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਹੁਣ ਸਖ਼ਤ ਮੁਹਿੰਮ ਵਿੱਢੀ ਗਈ ਹੈ।
ਕਾਨੂੰਨ ਅਨੁਸਾਰ ਮਾਪਦੰਡਾਂ ਕੀ ਹਨ ਨਿਯਮ?
ਜੇਕਰ ਤੁਸੀਂ ਆਪਣੀ ਗੱਡੀ ਦੇ ਸ਼ੀਸ਼ਿਆਂ 'ਤੇ ਫ਼ਿਲਮ ਲਗਵਾਈ ਹੈ, ਤਾਂ ਯਾਦ ਰੱਖੋ ਕਿ ਵਿਜ਼ੀਬਲ ਲਾਈਟ ਟ੍ਰਾਂਸਮਿਸ਼ਨ (VLT) ਦਾ ਮਾਪਦੰਡ ਹੇਠ ਲਿਖੇ ਅਨੁਸਾਰ ਹੋਣਾ ਚਾਹੀਦਾ ਹੈ। ਅਗਲਾ ਅਤੇ ਪਿਛਲਾ ਸ਼ੀਸ਼ਾ (Windshield): ਘੱਟੋ-ਘੱਟ 70% ਰੌਸ਼ਨੀ ਆਰ-ਪਾਰ ਹੋਣੀ ਚਾਹੀਦੀ ਹੈ।
ਸਾਈਡਾਂ ਵਾਲੇ ਸ਼ੀਸ਼ੇ: ਘੱਟੋ-ਘੱਟ 50% ਰੌਸ਼ਨੀ ਆਰ-ਪਾਰ ਹੋਣੀ ਚਾਹੀਦੀ ਹੈ। ਇਸ ਸੀਮਾ ਤੋਂ ਵੱਧ ਕਾਲੀ ਫ਼ਿਲਮ ਜਾਂ ਗੂੜ੍ਹਾ ਰੰਗ ਕਰਵਾਉਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ।
ਜੁਰਮਾਨਾ ਅਤੇ ਕਾਰਵਾਈ
ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ ,ਪਹਿਲੀ ਵਾਰ ਉਲੰਘਣਾ: ₹500 ਜੁਰਮਾਨਾ।
ਦੂਜੀ ਜਾਂ ਵਾਰ-ਵਾਰ ਉਲੰਘਣਾ: ₹1500 ਜੁਰਮਾਨਾ।
ਅਤੇ ਪੁਲਿਸ ਵੱਲੋਂ ਗੱਡੀ ਦੀ ਕਾਲੀ ਫ਼ਿਲਮ ਮੌਕੇ 'ਤੇ ਹੀ ਉਤਾਰ ਦਿੱਤੀ ਜਾਵੇਗੀ।
ਇਹ ਪਾਬੰਦੀ ਕਿਉਂ ਜ਼ਰੂਰੀ ਹੈ?
ਏ.ਸੀ.ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਲਿਆ ਗਿਆ ਹੈ:
ਅਪਰਾਧਿਕ ਗਤੀਵਿਧੀਆਂ 'ਤੇ ਰੋਕ: ਗੱਡੀ ਦੇ ਅੰਦਰ ਬੈਠੇ ਸ਼ੱਕੀ ਵਿਅਕਤੀਆਂ ਦੀ ਪਛਾਣ ਆਸਾਨੀ ਨਾਲ ਹੋ ਸਕੇ।
ਪੁਲਿਸ ਅਧਿਕਾਰੀਆਂ ਦੀ ਸੁਰੱਖਿਆ: ਚੈਕਿੰਗ ਦੌਰਾਨ ਅੰਦਰੂਨੀ ਹਾਲਤ ਸਾਫ਼ ਦਿਖਣੀ ਚਾਹੀਦੀ ਹੈ।
ਸੜਕਾਂ 'ਤੇ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਪਾਰਦਰਸ਼ਤਾ ਲਾਜ਼ਮੀ ਹੈ।
ਟ੍ਰੈਫ਼ਿਕ ਪੁਲਿਸ ਲੁਧਿਆਣਾ ਵੱਲੋਂ ਅਪੀਲ
ਟ੍ਰੈਫ਼ਿਕ ਪੁਲਿਸ ਲੁਧਿਆਣਾ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਬਣੋ, ਕਾਨੂੰਨ ਦੀ ਪਾਲਣਾ ਕਰੋ ਅਤੇ ਆਪਣੀ ਗੱਡੀ ਤੋਂ ਤੁਰੰਤ ਗੈਰ-ਕਾਨੂੰਨੀ ਫ਼ਿਲਮਾਂ ਹਟਾਓ।
Click to Follow Babushahi Facebook page →