ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 20 ਸਤੰਬਰ 2025 : ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ ਜਿਸ ਦਾ ਵਿਸ਼ਾ ਵਾਤਾਵਰਣ ਸੀ, ਵਿੱਚ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ ਦੀ ਹੋਣਹਾਰ ਵਿਦਿਆਰਥਣ ਸ਼ਗਨਪ੍ਰੀਤ ਕੌਰ ਜਮਾਤ ਸੱਤਵੀਂ ਨੇ ਮਿਡਲ ਵਰਗ ਵਿੱਚੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋਏ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਉਹਨਾ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜੋ ਪਹਿਲਾਂ ਬਲਾਕ ਪੱਧਰੀ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ 'ਤੇ ਰਹੇ ਸਨ।
ਬੇਟੀ ਸ਼ਗਨਪ੍ਰੀਤ ਕੌਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰਵਿੰਦਰ ਕੌਰ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਦੀਦਾਰ ਸਿੰਘ ਮਾਂਗਟ ਜੀ ਵੱਲੋਂ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਪੁੱਜਣ 'ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬੇਟੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਹੈੱਡਮਾਸਟਰ ਸ. ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਬੇਟੀ ਨੇ ਕਵਿਤਾ ਉਚਾਰਨ ਮੁਕਾਬਲਾ ਜਿੱਤਣ ਲਈ ਜੀ ਤੋੜ ਮਿਹਨਤ ਕੀਤੀ ਹੈ ਅਤੇ ਗਾਇਡ ਅਧਿਆਪਕਾ ਸ਼੍ਰੀਮਤੀ ਗਗਨਦੀਪ ਕੌਰ ਗਿੱਲ ਨੇ ਇਸ ਵਿਦਿਆਰਥਣ ਦੀ ਬਹੁਤ ਵਧੀਆ ਢੰਗ ਨਾਲ਼ ਤਿਆਰੀ ਕਰਵਾਈ। ਉਹਨਾ ਨੇ ਇਸ ਪ੍ਰਾਪਤੀ ਲਈ ਬੇਟੀ ਸ਼ਗਨਪ੍ਰੀਤ ਕੌਰ, ਗਾਈਡ ਅਧਿਆਪਕਾ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ 'ਤੇ ਗੁਰਪ੍ਰੀਤ ਕੌਰ, ਅਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਡਾ. ਦਰਸ਼ਨ ਕੁਮਾਰ, ਕੁਲਵਿੰਦਰ ਸਿੰਘ, ਤਰੁਨ ਗੁਪਤਾ, ਮਨਜੀਤ ਕੌਰ, ਜਤਿੰਦਰ ਸਿੰਘ, ਭਗਵੰਤ ਸਿੰਘ, ਰਵਿੰਦਰ ਸਿੰਘ ਰਣਬੀਰ ਕੁਮਾਰ ਹਾਜ਼ਰ ਸਨ।