ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਨੈਟਵਰਕ ਦਾ ਅੰਮ੍ਰਿਤਸਰ ਪੁਲਿਸ ਵੱਲੋਂ ਪਰਦਾਫਾਸ਼
ਬੰਗਲਾਦੇਸ਼ ਤੇ ਪਾਕਿਸਤਾਨ ਤੱਕ ਜੁੜੀਆਂ ਤਾਰਾਂ, ਕ੍ਰਿਪਟੋਕਰੰਸੀ ਰਾਹੀਂ ਹੁੰਦਾ ਸੀ ਖਾਤਿਆਂ ਦਾ ਸੌਦਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 21 ਮਈ 2026- ਪਿਛਲੇ ਕਈ ਮਹੀਨਿਆਂ ਤੋਂ ਅੰਮ੍ਰਿਤਸਰ ਵਿੱਚ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਂਦੀਆਂ ਧਮਕੀਆਂ ਦੇ ਕੇ ਮਾਹੌਲ ਖਰਾਬ ਕਰਨ ਵਾਲੇ ਗਰੋਹ ਦਾ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਸਾਈਬਰ ਅਪਰਾਧ ਦੇ ਖ਼ਿਲਾਫ਼ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਬੰਬ ਧਮਕੀਆਂ ਵਾਲੇ ਈ-ਮੇਲ ਭੇਜਣ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੱਛਮੀ ਬੰਗਾਲ ਤੋਂ ਇੱਕ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵੱਖ-ਵੱਖ ਰਾਜਾਂ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਅਦਾਰਿਆਂ ਨੂੰ ਬੰਬ ਧਮਾਕਿਆਂ ਦੀਆਂ ਝੂਠੀਆਂ ਧਮਕੀਆਂ ਭੇਜਣ ਲਈ ਵਰਤੇ ਜਾਂਦੇ ਡਿਜੀਟਲ ਬੁਨਿਆਦੀ ਢਾਂਚੇ ਦੀ ਸਪਲਾਈ ਕਰਦਾ ਸੀ। ਜਾਂਚ ਦੌਰਾਨ 300 ਤੋਂ ਵੱਧ ਜੀਮੇਲ ਆਈਡੀ, ਕੰਪਿਊਟਰ ਹਾਰਡ ਡਿਸਕਾਂ, ਮੋਬਾਈਲ ਫੋਨ ਅਤੇ ਹੋਰ ਡਿਜੀਟਲ ਸਾਮਾਨ ਬਰਾਮਦ ਕੀਤਾ ਗਿਆ ਹੈ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਦਰਜ ਚਾਰ ਵੱਖ-ਵੱਖ ਮਾਮਲਿਆਂ ਦੀ ਜਾਂਚ ਦੌਰਾਨ ਇੱਕ ਡਿਜੀਟਲ ਟ੍ਰੇਲ ਸਾਹਮਣੇ ਆਈ, ਜਿਸ ਤੋਂ ਬਾਅਦ ਪੁਲਿਸ ਟੀਮ ਪੱਛਮੀ ਬੰਗਾਲ ਤੱਕ ਪਹੁੰਚੀ। ਤਕਨੀਕੀ ਵਿਸ਼ਲੇਸ਼ਣ ਅਤੇ ਸਾਈਬਰ ਫੋਰੈਂਸਿਕ ਜਾਂਚ ਰਾਹੀਂ ਪੁਲਿਸ ਨੇ ਸੌਰਵ ਬਿਸਵਾਸ ਉਰਫ਼ ਮਾਈਕਲ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਦੋਸ਼ੀ ਵੱਖ-ਵੱਖ ਫੇਸਬੁੱਕ ਗਰੁੱਪਾਂ ਰਾਹੀਂ ਈ-ਮੇਲ ਖਾਤਿਆਂ ਦੀ ਖਰੀਦੋ-ਫਰੋਖ਼ਤ ਦਾ ਕੰਮ ਕਰਦਾ ਸੀ ਅਤੇ ਕਈ ਅਣਪਛਾਤੇ ਵਿਅਕਤੀਆਂ ਤੋਂ ਸੈਂਕੜੇ ਜੀਮੇਲ ਖਾਤੇ ਖਰੀਦੇ ਗਏ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਲਗਭਗ 219 ਜੀਮੇਲ ਖਾਤੇ ਵਟਸਐਪ ਰਾਹੀਂ ਬੰਗਲਾਦੇਸ਼ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਵੇਚੇ ਗਏ ਸਨ। ਇਨ੍ਹਾਂ ਖਾਤਿਆਂ ਦੀ ਖਰੀਦ ਅਤੇ ਵਿਕਰੀ ਲਈ USDT ਕ੍ਰਿਪਟੋਕਰੰਸੀ ਦੀ ਵਰਤੋਂ ਕੀਤੀ ਜਾਂਦੀ ਸੀ। ਪੁਲਿਸ ਦਾ ਕਹਿਣਾ ਹੈ ਕਿ ਬਾਅਦ ਵਿੱਚ ਇਹ ਈ-ਮੇਲ ਖਾਤੇ ਪਾਕਿਸਤਾਨ ਵਿੱਚ ਮੌਜੂਦ ਅਣਪਛਾਤੇ ਵਿਅਕਤੀਆਂ ਤੱਕ ਪਹੁੰਚੇ, ਜਿਨ੍ਹਾਂ ਵੱਲੋਂ ਕਥਿਤ ਤੌਰ 'ਤੇ ਦੇਸ਼ ਭਰ ਵਿੱਚ ਬੰਬ ਧਮਕੀਆਂ ਵਾਲੇ ਈ-ਮੇਲ ਅਤੇ ਹੋਰ ਗੈਰ-ਕਾਨੂੰਨੀ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਬੰਗਲਾਦੇਸ਼ ਅਤੇ ਹੋਰ ਵਿਦੇਸ਼ੀ ਲਿੰਕਾਂ ਦੀ ਜਾਂਚ ਸਬੰਧਤ ਏਜੰਸੀਆਂ ਵੱਲੋਂ ਜਾਰੀ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਤਿੰਨ ਸੀਪੀਯੂ, ਪੰਜ ਕੰਪਿਊਟਰ ਹਾਰਡ ਡਿਸਕਾਂ, ਤਿੰਨ ਮੋਬਾਈਲ ਫੋਨ, ਇੱਕ ਇੰਟਰਨੈੱਟ ਰਾਊਟਰ, 300 ਤੋਂ ਵੱਧ ਜੀਮੇਲ ਆਈਡੀ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਅਜਿਹੇ ਸਾਈਬਰ ਅਪਰਾਧੀਆਂ ਦੇ ਉਸ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ ਜੋ ਜਨਤਕ ਦਹਿਸ਼ਤ ਫੈਲਾਉਣ ਅਤੇ ਸੁਰੱਖਿਆ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਨ। ਪੁਲਿਸ ਹੁਣ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਅੱਗੇ ਵਧਾ ਰਹੀ ਹੈ।
- Download Babushahi App
-
-