ਸਕਿਲਵਰਸ ਦੀ ਸ਼ੁਰੂਆਤ— ਨੌਜਵਾਨਾਂ ਲਈ ਸੁਨਿਹਰਾ ਮੌਕਾ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 19 ਫਰਵਰੀ, 2026
“ਸਕਿਲਵਰਸ ਇੱਕ ਸ਼ਲਾਘਾਯੋਗ ਅਤੇ ਦੂਰਦਰਸ਼ੀ ਪਹਿਲ ਹੈ ਜੋ ਕਲਾਸਰੂਮ ਸਿੱਖਿਆ ਅਤੇ ਉਦਯੋਗਿਕ ਲੋੜਾਂ ਵਿਚਕਾਰ ਦੀ ਖਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰ ਕਰੇਗੀ ਅਤੇ ਸਾਡੇ ਨੌਜਵਾਨਾਂ ਨੂੰ ਸਿਰਫ਼ ਡਿਗਰੀਧਾਰਕ ਹੀ ਨਹੀਂ, ਸਗੋਂ ਪੂਰੀ ਤਰ੍ਹਾਂ ‘ਜੌਬ-ਰੇਡੀ’ ਅਤੇ ਹੁਨਰਮੰਦ ਪ੍ਰੋਫੈਸ਼ਨਲ ਬਣਾਏਗੀ।”
ਇਹ ਵਿਚਾਰ ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਮਰਸ ਜੋ ਕਿ ਦਿੱਲੀ ਯੂਨੀਵਰਸਿਟੀ ਦੇ ਅਧੀਨ ਹੈ, ਵਿੱਚ ਸਥਾਪਿਤ ਨਵੇਂ ਸਕਿਲ ਡਿਵੈਲਪਮੈਂਟ ਸੈਂਟਰ ਸਕਿਲ ਵਰਸ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਸਮਾਗਮ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਉਨ੍ਹਾਂ ਲਈ ਗੌਰਵ ਅਤੇ ਮਾਣ ਦੀ ਗੱਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿੱਚ ਕੇਵਲ ਸਿਧਾਂਤਕ ਗਿਆਨ ਹੀ ਕਾਫ਼ੀ ਨਹੀਂ, ਬਲਕਿ ਵਿਦਿਆਰਥੀਆਂ ਨੂੰ ਵਿਹਾਰਕ ਕੌਸ਼ਲ, ਉਦਯੋਗਿਕ ਸਮਝ ਅਤੇ ਆਤਮ-ਵਿਸ਼ਵਾਸ ਨਾਲ ਲੈਸ ਕਰਨਾ ਸਮੇਂ ਦੀ ਲੋੜ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਾਲਜ ਪ੍ਰਬੰਧਕ ਮੰਡਲ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੂੰ ਇਸ ਅਗਾਂਹਵਧੂ ਅਤੇ ਦੂਰਅੰਦੇਸ਼ੀ ਉਪਰਾਲੇ ਲਈ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਭੇਟ ਕਰਦਿਆਂ ਅਪੀਲ ਕੀਤੀ ਕਿ ਅਸੀਂ ਸਭ ਮਿਲ ਕੇ ਅਜਿਹਾ ਭਵਿੱਖ ਨਿਰਮਾਣ ਕਰੀਏ ਜਿੱਥੇ ਸਾਡੇ ਨੌਜਵਾਨ ਆਤਮ-ਵਿਸ਼ਵਾਸ, ਯੋਗਤਾ ਅਤੇ ਸਮਰੱਥਾ ਨਾਲ ਅਗਵਾਈ ਕਰਦੇ ਹੋਏ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਈਏ ।