ਵੈਨਕੂਵਰ ਸਿਟੀ ਕੌਂਸਲ ਵੱਲੋਂ ਇਤਿਹਾਸਿਕ ਫੈਸਲਾ: 23 ਮਈ ਨੂੰ 'ਗੁਰੂ ਨਾਨਕ ਜਹਾਜ਼ ਰਿਮੈਬਰੈਂਸ ਡੇਅ' ਦਾ ਐਲਾਨ
ਸਮੁੰਦਰੀ ਤੱਟ 'ਤੇ ਇਸ ਦਿਨ ਹੋਵੇਗਾ ਵਿਸ਼ੇਸ਼ ਸਮਾਗਮ
ਹਰਦਮ ਮਾਨ
ਸਰੀ, 20 ਮਈ 2026 - ਕੈਨੇਡਾ ਦੇ ਪੁਰਾਤਨ ਇਤਿਹਾਸ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਹੋਈਆਂ ਨਸਲਵਾਦੀ ਵਧੀਕੀਆਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਂਦਿਆਂ, ਸਿਟੀ ਆਫ਼ ਵੈਨਕੂਵਰ ਵੱਲੋਂ ਇੱਕ ਇਤਿਹਾਸਿਕ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਵੈਨਕੂਵਰ ਸਿਟੀ ਕੌਂਸਲ ਨੇ ਗੁਰੂ ਨਾਨਕ ਜਹਾਜ਼ (ਕੋਮਾਗਾਟਾਮਾਰੂ) ਦੀ 112ਵੀਂ ਯਾਦਗਾਰੀ ਵਰ੍ਹੇ-ਗੰਢ ਦੇ ਮੌਕੇ 'ਗੁਰੂ ਨਾਨਕ ਜਹਾਜ਼ ਰਿਮੈਬਰੈਂਸ ਡੇਅ' (ਯਾਦਗਾਰੀ ਦਿਹਾੜਾ) ਮਨਾਉਣ ਦਾ ਅਧਿਕਾਰਤ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ 23 ਮਈ 1914 ਨੂੰ ਇਹ ਜਹਾਜ਼ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਪਹੁੰਚਿਆ ਸੀ, ਜਿੱਥੇ ਦੋ ਮਹੀਨਿਆਂ ਦੇ ਨਸਲੀ ਜਬਰ ਅਤੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਤਤਕਾਲੀਨ ਨਸਲਵਾਦੀ ਸਰਕਾਰ ਵੱਲੋਂ ਇਸ ਨੂੰ ਕੈਨੇਡਾ ਦੀ ਧਰਤੀ ਤੋਂ ਜ਼ਬਰਦਸਤੀ ਵਾਪਸ ਮੋੜ ਦਿੱਤਾ ਗਿਆ ਸੀ।
ਵੈਨਕੂਵਰ ਦੇ ਮੇਅਰ ਕੈਨ ਸਿੰਮ ਵੱਲੋਂ ਇਹ ਵਿਸ਼ੇਸ਼ ਪ੍ਰੋਕਲੇਮੇਸ਼ਨ (ਐਲਾਨਨਾਮਾ) ਕੌਂਸਲ ਦੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ। ਮੇਅਰ ਨੇ ਇਸ ਦੀ ਅਹਿਮੀਅਤ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਇਹ ਐਲਾਨਨਾਮਾ ਬਹੁਤ ਖ਼ਾਸ ਹੈ, ਜਿਸ ਕਰਕੇ ਕੌਂਸਲ ਦੀ ਕਾਰਵਾਈ ਦੌਰਾਨ ਇਸ ਨੂੰ ਮੁਕੰਮਲ ਪੜ੍ਹਿਆ ਗਿਆ। ਇਸ ਇਤਿਹਾਸਿਕ ਦਸਤਾਵੇਜ਼ ਨੂੰ ਕੌਂਸਲਰਾਂ ਰਿਬੇਕਾ ਬਲਾਈ, ਲੀਸਾ ਡੋਮੀਨਾਟੋ, ਪੀਟ ਫ੍ਰਾਈ, ਸਾਰਾ ਕਰਬੀ-ਯੰਗ, ਮਾਈਕ ਕਲਾਸਨ, ਲੂਸੀ ਮਲੋਨੀ, ਪੀਟਰ Maysonar (ਮਾਈਜ਼ਨਰ), ਬ੍ਰਾਇਨ ਮੌਂਟੇਗਿਊ, ਸ਼ੌਨ ਔਰ, ਲੇਨੀ ਝੋਉ ਅਤੇ ਬੋਰਡ ਆਫ਼ ਪਾਰਕ ਐਂਡ ਰੀਕ੍ਰੀਏਸ਼ਨ ਤੋਂ ਜਸਪ੍ਰੀਤ ਸਿੰਘ ਵਿਰਦੀ ਵੱਲੋਂ ਸਾਂਝੇ ਤੌਰ 'ਤੇ ਪੜ੍ਹਿਆ ਗਿਆ।
ਇਸ ਇਤਿਹਾਸਿਕ ਮੌਕੇ 'ਤੇ 'ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ' ਵੱਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਮੇਅਰ ਅਤੇ ਸਮੁੱਚੀ ਕੌਂਸਲ ਨੂੰ "ਗੁਰੂ ਨਾਨਕ ਜਹਾਜ਼ : ਸਮਕਾਲੀ ਬਿਰਤਾਂਤ" ਕਿਤਾਬ ਭੇਟ ਕੀਤੀ ਅਤੇ ਜਹਾਜ਼ ਦਾ ਅਸਲ ਨਾਂ ਬਹਾਲ ਕਰਨ ਦੇ ਉਪਰਾਲੇ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਜਹਾਜ਼ ਦੇ ਮੁਸਾਫਰਾਂ ਦੇ ਪਰਿਵਾਰਾਂ ਵਿੱਚੋਂ ਰਾਜ ਸਿੰਘ ਤੂਰ ਨੇ ਵੈਨਕੂਵਰ ਸਿਟੀ ਵੱਲੋਂ ਜਾਰੀ ਐਲਾਨਨਾਮੇ ਅਤੇ ਮੈਮੋਰੀਅਲ 'ਤੇ ਲਾਏ ਗਏ ਨਵ-ਨਿਰਮਤ 'ਗੁਰੂ ਨਾਨਕ ਜਹਾਜ਼' ਸਾਈਨੇਜ (ਬੋਰਡ) ਲਈ ਵਿਸ਼ੇਸ਼ ਸ਼ੁਕਰੀਆ ਅਦਾ ਕੀਤਾ। ਸੁਸਾਇਟੀ ਦੇ ਨੁਮਾਇੰਦੇ ਰਾਜ ਸਿੰਘ bhandal (ਭੰਡਾਲ) ਨੇ ਭਾਵੁਕ ਸ਼ਬਦਾਂ ਵਿੱਚ ਆਖਿਆ ਕਿ ਵੈਨਕੂਵਰ ਸ਼ਹਿਰ ਵੱਲੋਂ ਨਾਂ ਦੀ ਬਹਾਲੀ ਦਾ ਇਹ ਉਪਰਾਲਾ ਇੱਕ ਵੱਡਾ ਮੀਲ ਪੱਥਰ ਹੈ, ਜੋ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਦੀ ਫੈਡਰਲ ਮਾਫ਼ੀ ਲਈ ਮਾਰਗ-ਦਰਸ਼ਕ ਸਾਬਤ ਹੋਵੇਗਾ।
ਇਸ ਇਤਿਹਾਸਿਕ ਪਲ ਦੇ ਗਵਾਹ ਬਣਨ ਲਈ ਸਿੱਖ ਜਗਤ ਅਤੇ ਵੈਨਕੂਵਰ ਸਿਟੀ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿੱਚ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ (ਵੈਨਕੂਵਰ) ਦੇ ਪ੍ਰਬੰਧਕ ਕਸ਼ਮੀਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਭੱਟੀ, ਸਨਮੁਖ ਸਿੰਘ ਉਪਲ, ਸਿੱਖ ਹੈਰੀਟੇਜ ਵੈਨਕੂਵਰ ਤੋਂ ਤਾਜ ਸਿੰਘ ਤੇ ਜੁਗਰਾਜ ਸਿੰਘ, ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਤੋਂ ਤਜਿੰਦਰਪਾਲ ਸਿੰਘ, ਵੈਨਕੂਵਰ ਸਿਟੀ ਤੋਂ ਸਹਿਯੋਗੀ ਸ਼ਖਸੀਅਤ ਆਰੀ ਭੁੱਲਰ ਅਤੇ ਪਾਰਕਸ ਬੋਰਡ ਤੋਂ ਇਸ ਕਾਰਜ ਲਈ ਅਣਥੱਕ ਸਾਥ ਦੇਣ ਵਾਲੇ ਜਸਪ੍ਰੀਤ ਸਿੰਘ ਵਿਰਦੀ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।
ਸਭ ਤੋਂ ਅਹਿਮ ਅਤੇ ਭਾਵੁਕ ਪਹਿਲੂ ਇਹ ਹੈ ਕਿ ਜਿਸ ਜਗ੍ਹਾ ਤੋਂ 112 ਸਾਲ ਪਹਿਲਾਂ ਇਸ ਜਹਾਜ਼ ਨੂੰ ਨਸਲੀ ਜ਼ੁਲਮ ਤਹਿਤ ਵਾਪਸ ਮੋੜਿਆ ਗਿਆ ਸੀ, ਉਸੇ ਇਤਿਹਾਸਿਕ ਸਥਾਨ ਯਾਨੀ ਹਰਬਰ ਗਰੀਨ ਪਾਰਕ ਸਮੁੰਦਰੀ ਤੱਟ 'ਤੇ ਸਥਿਤ 'ਗੁਰੂ ਨਾਨਕ ਜਹਾਜ਼ ਮੈਮੋਰੀਅਲ' ਵਿਖੇ 23 ਮਈ, ਦਿਨ ਸ਼ਨਿਚਰਵਾਰ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵਿਸ਼ੇਸ਼ ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਬੀਸੀ ਖਾਲਸਾ ਦਰਬਾਰ (ਵੈਨਕੂਵਰ), ਬੋਰਡ ਆਫ਼ ਪਾਰਕ ਐਂਡ ਰੀਕ੍ਰੀਏਸ਼ਨ ਅਤੇ ਵੈਨਕੂਵਰ ਸਿਟੀ ਦੇ ਵਿਸ਼ੇਸ਼ ਸਹਿਯੋਗ ਨਾਲ 'ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ' ਵੱਲੋਂ ਹਰ ਵਰ੍ਹੇ ਵਾਂਗ ਸ਼ਰਧਾਪੂਰਵਕ ਉਲੀਕਿਆ ਗਿਆ ਹੈ, ਜਿਸ ਵਿੱਚ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
- Download Babushahi App
-
-