ਲੂ ਤੋਂ ਬਚਣਾ ਹੈ ਤਾਂ ਸਰੀਰ ਨੂੰ ਰੱਖੋ ਹਾਈਡ੍ਰੇਟਿਡ : ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ
“ਪਿਆਸ ਲੱਗਣ ਦੀ ਉਡੀਕ ਨਾ ਕਰੋ” — ਹਰ ਅੱਧੇ ਘੰਟੇ ਬਾਅਦ ਪਾਣੀ ਪੀਣ ਦੀ ਸਲਾਹ
ਨਵਾਂਸ਼ਹਿਰ 20 ਮਈ , 2026
ਸੂਬੇ ਵਿੱਚ ਦਿਨੋਂ-ਦਿਨ ਵੱਧ ਰਹੀ ਭਿਆਨਕ ਗਰਮੀ ਅਤੇ ਲੂ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਮ ਲੋਕਾਂ ਲਈ ਵਿਸ਼ੇਸ਼ ਸਿਹਤ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਗਰਮੀ ਕਾਰਨ ਪੈਦਾ ਹੋ ਸਕਦੇ ਸਿਹਤ ਖਤਰਿਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਐੱਸ.ਐੱਮ.ਓ ਡਾ. ਸਤਵਿੰਦਰਪਾਲ ਸਿੰਘ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ ਅਤੇ ਹੋਰ ਮੌਸਮੀ ਬਿਮਾਰੀਆਂ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਸਿਹਤ ਸੰਸਥਾਨਾਂ ਵਿੱਚ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਮਰੀਜ਼ਾਂ ਨੂੰ ਤੁਰੰਤ ਅਤੇ ਉਚਿਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਇਸ ਸਮੇਂ ਦੌਰਾਨ ਗਰਮ ਹਵਾਵਾਂ ਅਤੇ ਤੇਜ਼ ਧੁੱਪ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਜੇਕਰ ਬਾਹਰ ਜਾਣਾ ਬਹੁਤ ਜ਼ਰੂਰੀ ਹੋਵੇ ਤਾਂ ਸਿਰ ਨੂੰ ਟੋਪੀ, ਦੁਪੱਟੇ ਜਾਂ ਛੱਤਰੀ ਨਾਲ ਢੱਕਿਆ ਜਾਵੇ ਅਤੇ ਹਲਕੇ ਰੰਗਾਂ ਵਾਲੇ ਢਿੱਲੇ ਸੂਤੀ ਕੱਪੜੇ ਪਹਿਨੇ ਜਾਣ।
ਡਾ. ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਆਪਣੇ ਸਰੀਰ ਨੂੰ ਹਾਈਡ੍ਰੇਟਿਡ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ, ਭਾਵੇਂ ਪਿਆਸ ਨਾ ਵੀ ਲੱਗੇ। ਉਨ੍ਹਾਂ ਲੋਕਾਂ ਨੂੰ ਓ.ਆਰ.ਐੱਸ. ਘੋਲ, ਲੱਸੀ, ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸਦੇ ਨਾਲ ਹੀ ਚਾਹ ਅਤੇ ਕੌਫੀ ਦੀ ਵਰਤੋਂ ਘੱਟ ਕਰਨ ਅਤੇ ਤਲੇ ਹੋਏ, ਬਾਹਰਲੇ ਅਤੇ ਬਾਸੀ ਖਾਣੇ ਤੋਂ ਪਰਹੇਜ਼ ਕਰਨ ਲਈ ਵੀ ਕਿਹਾ।
ਉਨ੍ਹਾਂ ਦੱਸਿਆ ਕਿ ਤਰਬੂਜ਼, ਖਰਬੂਜ਼ਾ, ਸੰਤਰਾ, ਅੰਗੂਰ, ਖੀਰਾ, ਟਮਾਟਰ, ਘੀਆ ਅਤੇ ਤੋਰੀ ਵਰਗੇ ਮੌਸਮੀ ਫਲ ਅਤੇ ਸਬਜ਼ੀਆਂ ਸਰੀਰ ਵਿੱਚ ਪਾਣੀ ਦੀ ਘਾਟ ਪੂਰੀ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ।
ਐੱਸ.ਐੱਮ.ਓ ਨੇ ਇਹ ਵੀ ਕਿਹਾ ਕਿ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ ਅਤੇ ਅੱਖਾਂ ਦੀ ਸੁਰੱਖਿਆ ਲਈ ਚਸ਼ਮੇ ਦੀ ਵਰਤੋਂ ਜ਼ਰੂਰ ਕੀਤੀ ਜਾਵੇ।
ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਲੋਕ ਮੌਸਮ ਸੰਬੰਧੀ ਜਾਣਕਾਰੀ ਲਈ ਰੇਡੀਓ, ਟੀ.ਵੀ., ਅਖਬਾਰਾਂ ਅਤੇ ਮੋਬਾਇਲ ਐਪਸ ਦੀ ਮਦਦ ਲੈਣ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਚੱਕਰ, ਬੇਹੋਸ਼ੀ ਜਾਂ ਘਬਰਾਹਟ ਵਰਗੇ ਲੱਛਣ ਮਹਿਸੂਸ ਹੋਣ ਤਾਂ ਖੁਦ ਦਵਾਈ ਲੈਣ ਦੀ ਬਜਾਏ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਸੰਪਰਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਸਨਸਟ੍ਰੋਕ ਤੋਂ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਠੰਡੀ ਅਤੇ ਹਵਾਦਾਰ ਥਾਂ ’ਤੇ ਲਿਜਾਇਆ ਜਾਵੇ, ਸਰੀਰ ’ਤੇ ਸਿੱਲ੍ਹੇ ਕੱਪੜੇ ਰੱਖੇ ਜਾਣ ਅਤੇ ਸਿਰ ’ਤੇ ਪਾਣੀ ਪਾਇਆ ਜਾਵੇ। ਇਸਦੇ ਨਾਲ ਮਰੀਜ਼ ਨੂੰ ਓ.ਆਰ.ਐੱਸ. ਘੋਲ ਜਾਂ ਨਿੰਬੂ ਪਾਣੀ ਦੇ ਕੇ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
- Download Babushahi App
-
-