ਲੁਧਿਆਣਾ ਦਿਹਾਤੀ ਪੁਲਿਸ ਦੀ ਵੱਡੀ ਸਫ਼ਲਤਾ; ਗੈਂਗਸਟਰ ਗੋਪੀ ਲਾਹੌਰੀਆ ਦੇ ਦੋ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਦੀਪਕ ਜੈਨ
ਜਗਰਾਉਂ 17 ਅਪ੍ਰੈਲ 2026- ਲੁਧਿਆਣਾ (ਦਿਹਾਤੀ) ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਆਏ ਗੈਂਗਸਟਰ ਗੋਪੀ ਲਾਹੌਰੀਆ (ਜੋ ਮੌਜੂਦਾ ਸਮੇਂ ਕੈਨੇਡਾ ਵਿੱਚ ਹੈ) ਦੇ ਦੋ ਕਰੀਬੀ ਸਾਥੀਆਂ ਨੂੰ ਕਾਬੂ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਹਰਸ਼ਦੀਪ ਸਿੰਘ ਉਰਫ਼ ਬਿੱਲਾ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਾ (ਦੋਵੇਂ ਵਾਸੀ ਪਿੰਡ ਨੰਗਲ, ਥਾਣਾ ਡੇਹਲੋਂ, ਲੁਧਿਆਣਾ)। ਪੁਲਿਸ ਨੇ ਇਨ੍ਹਾਂ ਕੋਲੋਂ 2 ਦੇਸੀ .32 ਬੋਰ ਪਿਸਤੌਲ, 4 ਮੈਗਜ਼ੀਨ, 4 ਜਿੰਦਾ ਕਾਰਤੂਸ ਅਤੇ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਅੰਕੁਰ ਗੁਪਤਾ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਜਗਰਾਉਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਚੈਕਿੰਗ ਦੌਰਾਨ ਇਨ੍ਹਾਂ ਨੂੰ ਕਾਬੂ ਕੀਤਾ।
ਮੁੱਖ ਦੋਸ਼ੀ ਹਰਸ਼ਦੀਪ ਸਿੰਘ ਉਰਫ਼ ਬਿੱਲਾ ਪਹਿਲਾਂ ਵੀ ਕਤਲ ਦੇ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ ਅਤੇ ਜ਼ਮਾਨਤ 'ਤੇ ਬਾਹਰ ਆ ਕੇ ਦੁਬਾਰਾ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਸੀ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਨ੍ਹਾਂ ਨੂੰ ਇਹ ਹਥਿਆਰ ਗੋਪੀ ਲਾਹੌਰੀਆ ਦੇ ਕਹਿਣ 'ਤੇ ਲੁਧਿਆਣਾ ਵਿੱਚ ਸਪਲਾਈ ਕਰਨੇ ਸਨ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
Click to Follow Babushahi Facebook page →