ਲੁਧਿਆਣਾ ਪੁਲਿਸ ਵੱਲੋ ਵੈਸਟਰਨ ਯੂਨੀਅਨ ਜਗਰਾਉਂ ਦੇ ਕਰਮਚਾਰੀ ਤੋਂ 30 ਹਜ਼ਾਰ ਕਨੇਡੀਅਨ ਡਾਲਰ ਦੀ ਲੁੱਟ ਕਰਨ ਵਾਲੇ ਗਿਰੋਹ ਦੇ 04 ਮੈਂਬਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 13 ਜਨਵਰੀ 2026
ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਆਈ.ਪੀ.ਐਸ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਲੁਧਿਆਣਾ ਅਤੇ ਸ:ਥ: ਅਸ਼ਵਨੀ ਕੁਮਾਰ ਇੰਚਾਰਜ ਚੌਕੀ ਰਘੁਨਾਥ ਥਾਣਾ ਸਰਾਭਾ ਨਗਰ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 05-01-2026 ਨੂੰ ਚੀਨਾ ਵੈਸਟਰਨ ਯੂਨੀਅਨ ਜਗਰਾਉਂ ਦੇ ਕਰਮਚਾਰੀ ਤੋਂ 30 ਹਜ਼ਾਰ ਕਨੇਡੀਅਨ ਡਾਲਰ (ਕਰੀਬ 20 ਲੱਖ ਰੁਪਏ) ਦੀ ਲੁੱਟ ਕਰਨ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 30 ਹਜ਼ਾਰ ਡਾਲਰ, ਇਨੋਵਾ ਕਾਰ ਸਮੇਤ 02 ਪਿਸਟਲ 32 ਬੋਰ ਅਤੇ 12 ਰੌਂਦ 32 ਬੋਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 05.01.2026 ਨੂੰ ਸਮਾਂ ਕਰੀਬ 3:30 PM ਚੀਨਾ ਵੈਸਟਰਨ ਯੂਨੀਅਨ ਜਗਰਾਉਂ ਦਾ ਕਰਮਚਾਰੀ 30 ਹਜ਼ਾਰ ਕੈਨੇਡੀਅਨ ਡਾਲਰ ਇੱਕ ਡਾਰਕ ਗਰੇਅ ਰੰਗ ਦੇ ਬੈਗ ਵਿੱਚ ਪਾ ਕੇ ਲੁਧਿਆਣਾ ਆਪਣੇ ਗਾਹਕ ਨੂੰ ਦੇਣ ਲਈ ਬੱਸ ਰਾਹੀਂ ਲੁਧਿਆਣਾ ਆਇਆ ਸੀ। ਜਦੋਂ ਇਹ ਕਰਮਚਾਰੀ ਵੇਰਕਾ ਮਿਲਕ ਪਲਾਂਟ ਲੁਧਿਆਣਾ ਬੱਸ ਵਿਚੋਂ ਉਤਰਿਆ ਤਾਂ ਉਸ ਪਾਸੋਂ 05 ਅਣਪਛਾਤੇ ਵਿਅਕਤੀਆਂ ਨੇ ਉਕਤ ਕਨੇਡੀਅਨ ਡਾਲਰਾਂ ਵਾਲਾ ਬੈਗ ਖੋਹ ਲਿਆ ਅਤੇ ਮੌਕੇ ਤੋਂ ਆਪਣੀ ਚਿੱਟੇ ਰੰਗ ਦੀ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਜਿਸ 'ਤੇ ਮੁਕੱਦਮਾ ਨੰਬਰ 07 ਮਿਤੀ 12-01-2026 ਅ/ਧ 304,61(2) BNS ਥਾਣਾ ਸਰਾਭਾ ਨਗਰ ਲੁਧਿਆਣਾ ਦਰਜ ਰਜਿਸਟਰ ਕਰਕੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਗਈ।
ਅੱਜ ਮਿਤੀ 13-01-2026 ਨੂੰ ਸੀ.ਆਈ.ਏ ਸਟਾਫ ਲੁਧਿਆਣਾ ਅਤੇ ਥਾਣਾ ਸਰਾਭਾ ਨਗਰ ਲੁਧਿਆਣਾ ਦੀਆਂ ਪੁਲਿਸ ਪਾਰਟੀਆਂ ਵੱਲੋਂ ਉਪਰੋਕਤ ਵਾਰਦਾਤ ਕਰਨ ਵਾਲੇ 05 ਦੋਸ਼ੀਆਂ ਨੂੰ ਟਰੇਸ ਕਰਕੇ ਮੁਕੱਦਮਾ ਵਿੱਚ 04 ਦੋਸ਼ੀ ਸਰਬਜੀਤ ਸਿੰਘ ਉਰਫ ਗੋਸਾ ਪੁੱਤਰ ਚਰਨ ਸਿੰਘ ਵਾਸੀ ਪਿੰਡ ਤਲਵੰਡੀ ਰਾਏ ਜਿਲਾ ਲੁਧਿਆਣਾ, ਹਰਜੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਸਠਿਆਲਾ ਜਿਲਾ ਅੰਮ੍ਰਿਤਸਰ, ਸਕੱਤਰ ਸਿੰਘ ਪੁੱਤਰ ਸੰਕਰ ਸਿੰਘ ਵਾਸੀ ਪਿੰਡ ਰਮਾਣਾ ਚੱਕ ਜਿਲਾ ਅੰਮ੍ਰਿਤਸਰ ਸਾਹਿਬ ਅਤੇ ਸਟੀਫਨ ਮਸੀਹ ਪੁੱਤਰ ਸੋਹਣ ਮਸੀਹ ਵਾਸੀ ਪਿੰਡ ਅਹਿਮਦਾਬਾਦ ਗੁਰਦਾਸਪੁਰ ਨੂੰ ਇਨੋਵਾ ਗੱਡੀ ਨੰਬਰ PB02BN-7718 ਰੰਗ ਚਿੱਟਾ ਸਮੇਤ ਕਾਬੂ ਕਰਕੇ ਇਨ੍ਹਾਂ ਪਾਸੋਂ ਉਪਰੋਕਤ 30 ਹਜ਼ਾਰ ਕਨੇਡੀਅਨ ਡਾਲਰ (ਕਰੀਬ 20 ਲੱਖ ਰੁਪਏ) ਅਤੇ 02 ਪਿਸਟਲ 32 ਬੋਰ ਲਾਇਸੰਸੀ ਸਮੇਤ 12 ਰੌਂਦ ਜਿੰਦਾ 32 ਬੋਰ ਬਰਾਮਦ ਕੀਤੇ ਗਏ ਹਨ ਅਤੇ ਦੋਸ਼ੀਆਂ ਨੂੰ ਮੁਕੱਦਮਾ ਵਿੱਚ ਬਾਅਦ ਪੁੱਛਗਿੱਛ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਸ ਵਾਰਦਾਤ ਤੋਂ ਇਲਾਵਾ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਦੇ ਸਾਥੀ ਜਸਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਜੱਬੋਵਾਲ ਜਿਲਾ ਅੰਮ੍ਰਿਤਸਰ ਦੇ ਟਿਕਾਣਿਆਂ 'ਤੇ ਰੇਡ ਕੀਤੇ ਜਾ ਰਹੇ ਹਨ, ਜਿਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।