Election Special ਨਗਰ ਨਿਗਮ ਚੋਣਾਂ :ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਤੱਕੜੀ ’ਚ ਟਿਕੀ ਚੁਣੌਤੀਆਂ ਭਰੀ ਪੰਡ
ਅਸ਼ੋਕ ਵਰਮਾ
ਬਠਿੰਡਾ, 12 ਜਨਵਰੀ 2026: ਨਗਰ ਨਿਗਮ ਬਠਿੰਡਾ ਵਿੱਚ ਇੱਕ ਦਹਾਕਾ ਰਾਜ ਕਰਨ ਮਗਰੋਂ ਹੋਈ ਸੱਤਾ ਤਬਦੀਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਸਥਾਨਕ ਪੱਧਰ ਤੇ ਪੈਰ ਜਮਾਉਣੇ ਚੁਣੌਤੀ ਬਣਦੇ ਨਜ਼ਰ ਆ ਰਹੇ ਹਨ। ਵੱਡੀ ਗੱਲ ਹੈ ਕਿ ਹੁਣ ਜਦੋਂ ਇੱਕ ਤਰਾਂ ਨਾਲ ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜਣ ’ਚ ਕੋਈ ਬਹੁਤੀ ਦੇਰ ਨਹੀਂ ਰਹਿ ਗਈ ਹੈ ਤਾਂ ਵੀ ਸਥਾਨਕ ਲੀਡਰਸ਼ਿਪ ਦੇ ਕਾਰ-ਵਿਹਾਰ ਤੇ ਰੰਗ-ਢੰਗ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਇਸ ਕਰਕੇ ਬਠਿੰਡਾ ’ਚ ਨਗਰ ਨਿਗਮ ਦੇ ਹੋਂਦ ’ਚ ਆਉਣ ਤੋਂ ਬਾਅਦ ਚੌਥੀ ਵਾਰ ਹੋਣ ਜਾ ਰਹੀਆਂ ਇੰਨ੍ਹਾਂ ਚੋਣਾਂ ਨੂੰ ਚੁਣੌਤੀਆਂ ਭਰਪੂਰ ਮੰਨਿਆ ਜਾ ਰਿਹਾ ਹੈ ਜਿਸ ਲਈ ਅੰਦਰੋ ਅੰਦਰੀ ਹੀ ਸਹੀ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਰਤਾ ਪਿਛੋਕੜ ’ਚ ਜਾਈਏ ਤਾਂ ਸਾਲ 2008 ’ਚ ਨਗਰ ਨਿਗਮ ਬਣਨ ਮਗਰੋਂ ਅਕਾਲੀ ਭਾਜਪਾ ਗਠਜੋੜ ਸਥਾਨਕ ਸੱਤਾ ਤੇ ਕਾਬਜ ਹੋਣ ’ਚ ਸਫਲ ਰਿਹਾ ਸੀ।
ਨਗਰ ਨਿਗਮ ਬਠਿੰਡਾ ਦੀਆਂ ਦੂਸਰੀ ਵਾਰ ਚੋਣਾਂ 2015 ’ਚ ਹੋਈਆਂ ਸਨ ਜਿਸ ਦੌਰਾਨ 21 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ, 8 ਵਾਰਡਾਂ ਵਿਚ ਭਾਜਪਾ, ਕਾਂਗਰਸ ਦੇ 10 ਅਤੇ 11 ਆਜ਼ਾਦ ਉਮੀਦਵਾਰ ਜਿੱਤੇ ਸਨ। ਪੰਜਾਬ ’ਚ ਲਗਾਤਾਰ 10 ਸਾਲ ਦੌਰਾਨ ਗਠਜੋੜ ਸਰਕਾਰ ਰਹਿਣ ਕਾਰਨ ਨਗਰ ਨਿਗਮ ਦੇ ਅਹੁਦੇਦਾਰਾਂ ਨੂੰ ਕੋਈ ਸਮੱਸਿਆ ਨਹੀਂ ਆਈ ਸੀ। ਸਾਲ 2017 ’ਚ ਜਦੋਂ ਪੰਜਾਬ ’ਚ ਕਾਂਗਰਸ ਸਰਕਾਰ ਬਣ ਗਈ ਤਾਂ ਵੀ ਇੱਕ ਦੋ ਵਾਰ ਦੀ ਛੋਟੀ ਮੋਟੀ ਹਿਲਜੁਲ ਦੇ ਬਾਵਜੂਦ ਗਠਜੋੜ ਅੱਗੇ ਕੋਈ ਵੱਡੀ ਚੁਣੌਤੀ ਨਹੀਂ ਆਈ ਸੀ। ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਵਿੱਤ ਮੰਤਰੀ ਸਨ। ਇਸ ਮੌਕੇ ਤਕਰੀਬਨ ਇੱਕ ਸਾਲ ਪਛੜਕੇ ਕਰਵਾਈਆਂ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਨੇ 50 ਚੋਂ 43 ਵਾਰਡਾਂ ’ਚ ਜਬਰਦਸਤ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ 10 ਸਾਲ ਨਗਰ ਨਿਗਮ ਚਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਮਸਾਂ 7 ਵਾਰਡ ਪਏ ਸਨ।
ਇੰਨ੍ਹਾਂ ’ਚ ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਸ਼ੈਰੀ ਗੋਇਲ ਜਿੱਤੀ ਸੀ ਜਦੋਂਕਿ ਵਾਰਡ 8 ਤੋਂ ਅਕਾਲੀ ਉਮੀਦਵਾਰ ਹਰਪਾਲ ਸਿੰਘ ਢਿੱਲੋਂ ਆਪਣੇ ਵਿਰੋਧੀ ਅਤੇ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚਹੇਤੇ ਮੰਨੇ ਜਾਂਦੇ ਕਾਂਗਰਸੀ ਆਗੂ ਰਾਮ ਸਿੰਘ ਵਿਰਕ ਨੂੰ 430 ਵੋਟਾਂ ਤੇ ਹਰਾਇਆ ਸੀ। ਸਾਬਕਾ ਅਕਾਲੀ ਕੌਂਸਲਰ ਹਰਜਿੰਦਰ ਸ਼ਿੰਦਾ ਦੀ ਮਾਤਾ ਗੁਰਦੇਵ ਕੌਰ ਵੀ ਵਾਰਡ 13 ਤੋਂ ਜੇਤੂ ਰਹੀ ਸੀ। ਵਾਰਡ ਨੰਬਰ 1 ਤੋਂ ਅਕਾਲੀ ਉਮੀਦਵਾਰ ਅਮਨਦੀਪ ਕੌਰ ਅਤੇ ਵਾਰਡ ਨੰਬਰ 20 ਤੋਂ ਮੱਖਣ ਸਿੰਘ ਨੇ ਕ੍ਰਮਵਾਰ 25 ਅਤੇ 13 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ । ਹੈਰਾਨੀ ਵਾਲੀ ਗੱਲ ਹੈ ਕਿ ਮਗਰੋਂ ਕਾਂਗਰਸ ਦੀ ਮੇਅਰ ਨੂੰ ਹਟਾਉਣ ਦੇ ਮਾਮਲੇ ’ਚ ਇੰਨ੍ਹਾਂ ਚਾਰਾਂ ਕੌਂਸਲਰਾਂ ਨੂੰ ਅਕਾਲੀ ਦਲ ਚੋਂ ਕੱਢ ਦਿੱਤਾ ਗਿਆ ਸੀ। ਕੌਂਸਲਰ ਮੱਖਣ ਸਿੰਘ ਨੇ ਘਰ ਵਾਪਿਸੀ ਕਰ ਲਈ ਜਦੋਂਕਿ ਬਾਕੀ ਤਿੰਨ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਰਾਹਤ ਵਾਲੀ ਗੱਲ ਇਹੋ ਰਹੀ ਕਿ 2021’ਚ ਬਹੁਤੇ ਵਾਰਡਾਂ ’ਚ ਅਕਾਲੀ ਦਲ ਦੂਸਰੇ ਸਥਾਨ ਤੇ ਰਿਹਾ ਪਰ ਵੋਟਾਂ ਦਾ ਅੰਤਰ ਕਾਫੀ ਜਿਆਦਾ ਸੀ। ਭਾਵੇਂ ਲੋਕ ਸਭਾ ਅਤੇ ਸਥਾਨਕ ਚੋਣਾਂ ਦੀ ਤਾਸੀਰ ਵੱਖੋ ਵੱਖਰੀ ਹੁੰਦੀ ਹੈ ਪਰ 2024 ਦੀਆਂ ਸੰਸਦੀ ਚੋਣਾਂ ਮੌਕੇ ਅਕਾਲੀ ਦਲ ਬਠਿੰਡਾ ’ਚ ਕੋਈ ਰੰਗ ਨਹੀਂ ਬੰਨ੍ਹ ਸਕਿਆ ਸੀ। ਸਾਲ 2019 ’ਚ ਕਾਂਗਰਸ ਦੀ ਚੜ੍ਹਤ ਦੇ ਬਾਵਜੂਦ ਬਠਿੰਡਾ ਚੋਂ ਪੰਜ ਹਜਾਰ ਵੋਟਾਂ ਦੀ ਲੀਡ ਲਿਜਾਣ ਵਾਲੇ ਅਕਾਲੀ ਦਲ ਦੀਆਂ 2024 ’ਚ ਮਸਾਂ 518 ਵੋਟਾਂ ਹੀ ਵਧੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਜਿਸ ਭਾਜਪਾ ਦਾ 2021 ’ਚ ਤਾਂ ਸੂਪੜਾ ਸਾਫ ਹੋ ਗਿਆ ਸੀ ਜੋ ਉਹ 2024 ’ਚ 36 ਹਜ਼ਾਰ 287 ਵੋਟਾਂ ਨਾਲ ਪਹਿਲੇ ਸਥਾਨ ਤੇ ਰਹੀ ਸੀ । ਇੰਨ੍ਹਾਂ ਗਿਣਤੀਆਂ ਮਿਣਤੀਆਂ ਦੇ ਅਧਾਰ ਤੇ ਭਾਜਪਾ ਆਪਣੇ ਦਮ ਖਮ ਨਾਲ ਨਿਗਮ ਚੋਣਾਂ ਲੜਨ ਜਾ ਰਹੀ ਹੈ ਜੋਕਿ ਅਕਾਲੀ ਦਲ ਲਈ ਦੂਸਰੀ ਵੱਡੀ ਚੁਣੌਤੀ ਹੈ।
ਭਾਜਪਾ ਹਾਈਕਮਾਂਡ ਨੇ ਬਠਿੰਡਾ ਨਿਗਮ ਚੋਣਾਂ ਲਈ ਕਨਵੀਨਰਾਂ ਦੀ ਨਿਯੁਕਤੀ ਕਰਕੇ ਸਾਫ ਕਰ ਦਿੱਤਾ ਹੈ ਕਿ ਇਹ ਚੋਣ ਪਾਰਟੀ ਲਈ ਕਿੰਨੀ ਮਹੱਤਵਪੂਰਨ ਹੈ। ਅਜਿਹੀਆਂ ਪ੍ਰਸਥਿਤੀਆਂ ਦਰਮਿਆਨ ਅਕਾਲੀ ਦਲ ਲਈ ਬਠਿੰਡਾ ਨਿਗਮ ਦੀ ਰਾਹ ਕਠਿਨ ਮੰਨੀ ਜਾ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ’ਚ ਸੰਕਟ ਟਕਸਾਲੀ ਅਤੇ ਦਲਬਦਲੂ ਲੀਡਰਸ਼ਿਪ ਦਾ ਹੈ ਜਿਸ ਕਰਕੇ ਅਕਾਲੀ ਵਰਕਰਾਂ ’ਚ ਭੰਬਲਭੂਸਾ ਬਣਿਆ ਹੋਇਆ ਹੈ। ਇਹ ਮਾਹਿਰ ਆਖਦੇ ਹਨ ਕਿ ਜੇਕਰ ਅਕਾਲੀ ਭਾਜਪਾ ਗਠਜੋੜ ਹੋ ਜਾਂਦਾ ਹੈ ਤਾਂ ਦੋਵਾਂ ਧਿਰਾਂ ਲਈ ਬਠਿੰਡਾ ਹੀ ਨਹੀਂ ਪੰਜਾਬ ਦੀ ਸੱਤਾ ਦਾ ਰਾਹ ਸੌਖਾਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦਾ ਵਤੀਰਾ ਭਾਜਪਾ ਦਾ ਹੈ ਉਸ ਤੋਂ ਸਿਆਸੀ ਬੇੜੀ ਕਿਸੇ ਤਣ ਪੱਤਣ ਲੱਗਦੀ ਨਜ਼ਰ ਨਹੀਂ ਆ ਰਹੀ ਹੈ। ਉਂਜ ਰਾਜਨੀਤੀ ’ਚ ਕਦੋਂ ਕੀ ਹੋ ਜਾਏ ਕੁੱਝ ਵੀ ਅਸੰਭਵ ਵੀ ਨਹੀਂ ਜਦੋਂਕਿ ਅਕਾਲੀ ਦਲ ਤਾਂ ਦੋ ਵਾਰ ਸੱਤਾ ਭੋਗ ਚੁੱਕਿਆ ਹੈ।
ਅਕਾਲੀ ਮੇਅਰ ਬਣਾਵਾਂਗੇ: ਸਿੱਧੂ
ਸਾਬਕਾ ਕੌਂਸਲਰ ਟਕਸਾਲੀ ਅਕਾਲੀ ਆਗੂ ਰਾਜਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਨਿਗਮ ਚੋਣਾਂ ’ਚ ਮੇਅਰ ਸ਼ੋਮਣੀ ਅਕਾਲੀ ਦਲ ਦਾ ਬਣੇਗਾ। ਉਨ੍ਹਾਂ ਕਿਹਾ ਕਿ 2021 ’ਚ ਵੀ ਪਾਰਟੀ ਹੇਰਾ ਫੇਰੀ ਨਾਲ ਹਰਾਈ ਗਈ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਾਂ ਕੋਈ ਕੰਮ ਹੀ ਨਹੀਂ ਕੀਤਾ ਜਿਸ ਕਰਕੇ ਉਹ ਇਹ ਗੱਲ ਦਾਅਵੇ ਅਤੇ ਪੂਰੀ ਜਿੰਮੇਵਾਰੀ ਨਾਲ ਕਹਿ ਰਹੇ ਹਨ।