ਲਾਲੜੂ: ਪਾਈਪ ਦੀ ਲੀਕੇਜ਼ ਕਾਰਨ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਜੂਨ 2026: ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਵਾਰਡ ਨੰਬਰ 9 ਵਿੱਚ ਧਰਮਗੜ੍ਹ ਰੋਡ ਤੇ ਪੀਣ ਵਾਲੇ ਪਾਣੀ ਦਾ ਪਾਇਪ ਲੀਕ ਹੋਣ ਕਾਰਨ ਵਾਰਡ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ। ਵਾਰਡ ਵਾਸੀ ਮਲਕੀਤ ਸਿੰਘ, ਨਰਿੰਦਰ ਸਿੰਘ, ਸੰਜੀਵ ਸਿੰਘ, ਗੁਰਮੀਤ ਸਿੰਘ, ਹਰਦੀਪ ਸਿੰਘ, ਮੰਗਾ ਸਿੰਘ, ਗੁਰਜੰਟ ਸਿੰਘ, ਰਾਜੂ, ਰਣਧੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਰੀਬ 6 ਮਹੀਨੇ ਤੋਂ ਇਥੇ ਪਾਣੀ ਦੀ ਲੀਕੇਜ਼ ਹੈ, ਪਰ ਇਸ ਵੱਲ ਨਗਰ ਕੌਂਸਲ ਅਧਿਕਾਰੀਆਂ ਦਾ ਕੋਈ ਧਿਆਨ ਹੀ ਨਹੀਂ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਸ਼ਿਕਾਇਤ ਵੀ ਦਿੱਤੀ ਸੀ, ਪਰ ਕੋਈ ਮਸਲਾ ਹੱਲ ਨਹੀਂ ਹੋਇਆ ਅਤੇ ਪਾਣੀ ਉਸ ਤਰ੍ਹਾਂ ਚਲ ਰਿਹਾ ਹੈ ਅਤੇ ਅਵਾਰਾ ਕੁੱਤੇ ਅਤੇ ਪਸ਼ੂ ਉੱਸ ਵਿੱਚ ਪਾਣੀ ਪੀ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਪਾਣੀ ਦੀ ਸਪਲਾਈ ਬੰਦ ਹੁੰਦੀ ਹੈ ਤਾਂ ਖੱਡੇ ਵਿੱਚ ਭਰਿਆ ਸਾਰਾ ਦੂਸ਼ਿਤ ਪਾਣੀ ਪਾਇਪ ਲਾਈਨ ਵਿੱਚ ਚਲਿਆ ਜਾਂਦਾ ਹੈ, ਜਦੋਂ ਸਪਲਾਈ ਚਾਲੂ ਹੁੰਦੀ ਹੈ ਤਾਂ ਕੁੱਤੇ ਅਤੇ ਪਸ਼ੂਆਂ ਦਾ ਝੂਠਾ ਕੀਤਾ ਦੂਸ਼ਿਤ ਕੀਤਾ ਪਾਣੀ ਟੁੱਟੀਆਂ ਵਿੱਚ ਸਪਲਾਈ ਹੋ ਜਾਂਦਾ ਹੈ, ਜਿਸ ਦੇ ਚਲਦਿਆਂ ਸਾਰੇ ਵਾਰਡ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ। ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਅੱਜ ਹੀ ਇਸ ਨੂੰ ਠੀਕ ਕਰਵਾ ਦੇਣਗੇ।
- Download Babushahi App
-
-