ਰਾਜ ਕਰਦੀਆਂ ਪਾਰਟੀਆਂ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੀਆਂ ਹਨ: ਭਰਪੂਰ ਸਿੰਘ ਧਾਂਦਰਾ
ਚੰਡੀਗੜ੍ਹ, 12 ਮਈ 2026- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਰਨਲ ਸਕੱਤਰ ਸ ਭਰਪੂਰ ਸਿੰਘ ਧਾਂਦਰਾ ਨੇ ਇਕ ਲਿਖਤੀ ਬਿਆਨ ਵਿੱਚ ਸਰਕਾਰਾਂ 'ਤੇ ਇਲਜ਼ਾਮ ਲਾਉਂਦਿਆਂ ਪੁਛਿਆ ਕਿ ਆਖਿਰ ਇਹ ਹੋ ਕੀ ਰਿਹਾ ਹੈ? ਰਾਜ ਕਰਨ ਵਾਲੀਆਂ ਪਾਰਟੀਆਂ ਇਕ ਦੂਜੇ ਖਿਲਾਫ ਕਾਨੂੰਨ ਲਾਗੂ ਕਰਾਉਣ ਵਾਲੀਆਂ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਕਰ ਰਹੀਆਂ ਹਨ। ਡਰਾ ਕੇ ਪਾਰਟੀਆਂ ਬਦਲਾਈਆਂ ਜਾ ਰਹੀਆਂ ਹਨ। ਬਦਲ ਜਾਣ ਵਾਲਿਆਂ ਤੇ ਪਲੂਸ਼ਨ ਬੋਰਡ ਅਤੇ ਵਿਜੀਲੈਂਸ ਦੇ ਛਾਪੇ ਮਰਵਾਏ ਜਾ ਰਹੇ ਹਨ। ਦੂਜੇ ਬੰਨੇ ਉਹਨਾਂ ਵੱਲੋਂ ਬਦਲਾ ਲੈਣ ਲਈ ਈਡੀ ਆ ਰਹੀ ਹੈ ਅਤੇ ਸਾਰੀਆਂ ਰਾਜਸੀ ਪਾਰਟੀਆਂ ਇਸ ਬਦਲਾਖੋਰੀ ਦੇ ਛਾਪਿਆਂ ਲਈ ਏਜੰਸੀਆਂ ਦੀ ਦੁਰਵਰਤੋਂ ਖਿਲਾਫ ਅਵਾਜ ਚੁੱਕਣ ਦੀ ਬਜਾਏ ਵਾਹ-ਵਾਹੀ ਕਰ ਰਹੀਆਂ ਹਨ। ਕੱਲ੍ਹ ਰਾਤ ਦੀ ਖਬਰ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਸੀਬੀਆਈ ਨੇ ਵਿਜੀਲੈਂਸ ਬਿਊਰੋ ਦੇ ਦਫਤਰ ਵਿੱਚ ਹੀ ਛਾਪਾ ਮਾਰ ਲਿਆ। ਖਬਰਾਂ ਮੁਤਾਬਕ ਵੀਹ ਲੱਖ ਦੀ ਸੌਦੇਬਾਜ਼ੀ ਹੋ ਰਹੀ ਸੀ, ਜਿਸ ਵਿੱਚੋਂ ਤੇਰਾਂ ਲੱਖ ਕੈਸ਼ ਬਰਾਮਦ ਹੋਣ ਦੀ ਗੱਲ ਹੋ ਰਹੀ ਹੈ। ਧਾਂਦਰਾ ਨੇ ਕਿਹਾ ਕੀ ਇਸਦਾ ਮਤਲਬ ਹੈ ਕਿ ਸਾਡੇ 'ਤੇ ਰਾਜ ਕਰਨ ਵਾਲੇ ਲੋਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਸ਼ੱਕੀ ਹਨ, ਜੋ ਉਹਨਾਂ ਉਪਰ ਇਸ ਤਰਾਂ ਛਾਪੇਮਾਰੀਆਂ ਹੋ ਰਹੀਆਂ ਹਨ। ਅਜਿਹੇ ਸ਼ੱਕੀ ਲੋਕਾਂ ਦੇ ਹੱਥਾਂ ਵਿੱਚ ਰਾਜ ਦਾ ਭਵਿੱਖ ਕਿੰਨਾ ਕੁ ਸੁਰੱਖਿਅਤ ਹੈ। ਇਸਦਾ ਜਵਾਬ ਕੌਣ ਦੇਵੇਗਾ? ਜੇ ਅਜਿਹੇ ਸ਼ੱਕੀ ਲੋਕ ਪੰਜਾਬ ਜਾਂ ਭਾਰਤ ਦੀ ਸੱਤਾ 'ਤੇ ਕਾਬਜ ਹਨ ਤਾਂ ਵਿਰੋਧੀ ਧਿਰਾਂ ਇਸਦੇ ਖਿਲਾਫ ਸੰਘਰਸ਼ ਕਿਉਂ ਨਹੀਂ ਕਰਦੀਆਂ? ਆਮ ਲੋਕਾਂ ਦੇ ਇਹ ਕੁਝ ਸਵਾਲ ਹਨ, ਜਿੰਨਾ ਦਾ ਜਵਾਬ ਲੱਭਣ ਲਈ ਉਹਨਾਂ ਨੂੰ ਖੁਦ ਹੀ ਅੱਗੇ ਆਉਣਾ ਪਵੇਗਾ। ਕਿਉਂਕਿ ਬਦਲਾਖੋਰੀ ਦੀ ਇਹ ਰਾਜਨੀਤੀ ਉਹਨਾਂ ਨੂੰ ਆਰਥਿਕ ਤੌਰ 'ਤੇ ਬਹੁਤ ਮਹਿੰਗੀ ਪੈ ਰਹੀ ਹੈ। ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਤੱਕ ਦੇ ਛਾਪਿਆਂ ਦਾ ਖਰਚਾ ਆਖਰ ਉਹਨਾਂ ਦੀ ਜੇਬ 'ਚੋਂ ਹੀ ਹੋ ਰਿਹਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
- Download Babushahi App
-
-