ਬੱਚਿਆਂ ਵਿੱਚ ਵੱਧ ਰਹੀ ਸੋਸ਼ਲ ਮੀਡੀਆ ਦੀ ਲਤ ’ਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਚਿੰਤਾ
ਪੰਜਾਬ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ
ਚੰਡੀਗੜ੍ਹ 11 ਮਾਰਚ, 2026
ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਪੰਜਾਬ ਸਰਕਾਰ ਦਾ ਧਿਆਨ ਇਕ ਅਹਿਮ ਜਨਹਿਤ ਮਾਮਲੇ ਵੱਲ ਖਿੱਚਿਆ, ਜੋ ਮੋਬਾਈਲ ਫੋਨਾਂ ਦੀ ਤੇਜ਼ੀ ਨਾਲ ਵਧ ਰਹੀ ਲਤ ਅਤੇ ਖ਼ਾਸ ਕਰਕੇ ਕਿਸ਼ੋਰ ਅਵਸਥਾ ਦੇ ਬੱਚਿਆਂ ਵਿੱਚ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਵਰਤੋਂ ਨਾਲ ਨਾਲ ਪੈ ਰਹੇ ਨੁਕਸਾਨਦਾਇਕ ਪ੍ਰਭਾਵਾਂ ਨਾਲ ਸੰਬੰਧਿਤ ਹੈ।
ਇਸ ਮਸਲੇ ਨੂੰ ਗੰਭੀਰ ਚਿੰਤਾ ਨਾਲ ਉਠਾਉਂਦਿਆਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਨੌਜਵਾਨ ਮਨਾਂ ਦਾ ਬਿਨਾਂ ਨਿਗਰਾਨੀ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਸੰਪਰਕ ਪਰਿਵਾਰਾਂ, ਅਧਿਆਪਕਾਂ ਅਤੇ ਸਮੂਹ ਸਮਾਜ ਲਈ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ ’ਤੇ ਫੈਲ ਰਹੀ ਕਾਫ਼ੀ ਸਮੱਗਰੀ ਅਣਉਚਿਤ, ਭਰਮਿਤ ਕਰਨ ਵਾਲੀ ਜਾਂ ਬੱਚਿਆਂ ਲਈ ਨੁਕਸਾਨਦਾਇਕ ਹੈ, ਜਿਸ ਕਾਰਨ ਮਾਪਿਆਂ ਅਤੇ ਅਧਿਆਪਕਾਂ ਵਿੱਚ ਵਿਆਪਕ ਚਿੰਤਾ ਪੈਦਾ ਹੋ ਰਹੀ ਹੈ।
ਵਿਧਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਰਟਫੋਨਾਂ ਅਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਾਂ ’ਤੇ ਵਧਦੀ ਨਿਰਭਰਤਾ ਸਿਰਫ਼ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਹੀ ਅਸਰ ਨਹੀਂ ਪਾ ਰਹੀ, ਸਗੋਂ ਉਨ੍ਹਾਂ ਦੇ ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਲਈ ਵੀ ਗੰਭੀਰ ਖ਼ਤਰੇ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਨੌਜਵਾਨ ਮਨ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਅਤੇ ਡਿਜ਼ੀਟਲ ਪਲੇਟਫਾਰਮਾਂ ਨਾਲ ਬਿਨਾਂ ਨਿਯਮਾਂ ਦੇ ਸੰਪਰਕ ਉਨ੍ਹਾਂ ਦੇ ਵਿਹਾਰ, ਮੁੱਲਾਂ ਅਤੇ ਮਾਨਸਿਕ ਸਿਹਤ ’ਤੇ ਲੰਬੇ ਸਮੇਂ ਤੱਕ ਪ੍ਰਭਾਵ ਪਾ ਸਕਦਾ ਹੈ।”
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਕਈ ਸੂਬਿਆਂ ਵੱਲੋਂ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ ਕੁਝ ਉਮਰ ਸਮੂਹਾਂ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਵਰਤੋੱ ’ਤੇ ਪਾਬੰਦੀ ਲਗਾਉਣ ਜਾਂ ਉਸ ਨੂੰ ਸੀਮਿਤ ਕਰਨ ਲਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਬੱਚਿਆਂ ਨੂੰ ਡਿਜ਼ੀਟਲ ਲਤ ਅਤੇ ਹਾਨੀਕਾਰਕ ਆਨਲਾਈਨ ਸਮੱਗਰੀ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਾਉਣ ਲਈ ਜ਼ਰੂਰੀ ਮੰਨੇ ਗਏ ਹਨ।
ਸਥਿਤੀ ਦੀ ਗੰਭੀਰਤਾ ਸੰਬੰਧੀ ਵਿਧਾਇਕ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਇਸ ਵਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਾਬਾਲਗਾਂ ਵੱਲੋਂ ਸੋਸ਼ਲ ਮੀਡੀਆ ਦੇ ਇਸਤੇਮਾਲ ਦੀ ਨਿਗਰਾਨੀ, ਨਿਯਮਾਵਲੀ ਜਾਂ ਪਾਬੰਦੀਆਂ ਲਈ ਉਚਿਤ ਨੀਤੀਆਂ ਅਤੇ ਪ੍ਰਬੰਧਕੀ ਢਾਂਚਾ ਤਿਆਰ ਕੀਤਾ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਵਿਸਥਾਰਪੂਰਵਕ ਬਿਆਨ ਦੇ ਕੇ ਇਹ ਸਪਸ਼ਟ ਕਰੇ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ
ਵਰਤੋਂ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਾਉਣ ਲਈ ਹੁਣ ਤੱਕ ਕਿਹੜੇ ਕਦਮ ਚੁੱਕੇ ਗਏ ਹਨ ਜਾਂ ਕਿਹੜੇ ਕਦਮ ਚੁੱਕਣ ਦੀ ਯੋਜਨਾ ਹੈ।
Click to Follow Babushahi Facebook page →