ਬਾਜਵਾ ਦਾ ਵੱਡਾ ਬਿਆਨ, ਸੀਐੱਮ ਮਾਨ ਤੋਂ ਵਸੂਲਾਂਗੇ ਇੱਕ-ਇੱਕ ਪੈਸਾ!
ਲੋਕਲ ਲੀਡਰ ਨੂੰ ਟਿਕਟ ਦੀ ਮੰਗ!
ਸਿੱਧੂ ਦਾ ਜਗਰਾਉਂ ਵਿੱਚ ਵੱਡਾ ਐਲਾਨ
ਜਗਰਾਉਂ, 21 ਜਨਵਰੀ (ਦੀਪਕ ਜੈਨ): ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਹਲਕਾ ਜਗਰਾਉਂ ਵਿੱਚ ਅਚਾਨਕ ਦੌਰਾ ਕੀਤਾ ਅਤੇ ਸਾਬਕਾ ਬਲਾਕ ਪ੍ਰਧਾਨ ਰਜੇਸ਼ਇੰਦਰ ਸਿੰਘ ਸਿੱਧੂ ਦੇ ਘਰ ਪਹੁੰਚ ਕੇ ਕਾਂਗਰਸ ਵਰਕਰਾਂ ਨਾਲ ਮੀਟਿੰਗ ਕੀਤੀ। ਵੱਡੀ ਗਿਣਤੀ ਵਿੱਚ ਆਗੂਆਂ-ਵਰਕਰਾਂ ਨੇ ਬਾਜਵਾ ਦਾ ਸਵਾਗਤ ਕੀਤਾ, ਜਿੱਥੇ ਜਗਰਾਉਂ ਨੂੰ ਕਾਂਗਰਸ ਦਾ ਕਿਲ੍ਹਾ ਬਣਾਉਣ ਦੇ ਰਾਹਾਂ 'ਤੇ ਚਰਚਾ ਹੋਈ।ਰਜੇਸ਼ਇੰਦਰ ਸਿੱਧੂ ਨੇ ਬਾਜਵਾ ਨੂੰ ਗਰਮ ਜੋਸ਼ ਨਾਲ ਜੀ ਆਇਆ ਕਿਹਾ ਅਤੇ ਸਪੱਸ਼ਟ ਅਪੀਲ ਕੀਤੀ ਕਿ ਹਲਕਾ ਜਗਰਾਉਂ ਹਮੇਸ਼ਾ ਤੋਂ ਕਾਂਗਰਸ ਦਾ ਗੜ੍ਹ ਰਿਹਾ ਹੈ। ਉਹਨਾਂ ਕਿਹਾ ਕਿ ਲੋਕਲ ਵਰਕਰਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਪਾਰਟੀ ਹਾਈਕਮੈਨ ਲੋਕਲ ਆਗੂ ਨੂੰ ਹੀ ਵਿਧਾਇਕ ਟਿਕਟ ਦੇਵੇ।
ਬਾਹਰੀ ਲੀਡਰਾਂ ਨੂੰ ਟਿਕਟਾਂ ਦੇਣ ਕਾਰਨ ਪਿਛਲੀਆਂ ਤਿੰਨ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਹੋਇਆ ਅਤੇ ਗੈਰ-ਕਾਂਗਰਸੀ ਵਿਧਾਇਕ ਚੁਣੇ ਗਏ। ਸਿੱਧੂ ਨੇ ਹਾਈਕਮੈਨ ਨੂੰ ਲੋਕਲ ਲੀਡਰਸ਼ਿਪ ਦੀ ਇਸ ਭਾਵਨਾ ਵੱਲ ਧਿਆਨ ਦੇਣ ਦੀ ਭਾਰੀ ਅਪੀਲ ਕੀਤੀ।
ਪ੍ਰੈਸ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਆਪ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਜਗਰਾਉਂ ਵਿਧਾਇਕ ਸਰਬਜੀਤ ਕੌਰ ਮਾਣੂਕੇ 'ਤੇ ਤਿੱਖੇ ਹਮਲੇ ਬੋਲੇ। ਉਹਨਾਂ ਕਿਹਾ ਕਿ ਜਗਰਾਉਂ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਹੋ ਗਿਆ ਹੈ ਕਿਉਂਕਿ ਇੱਥੋਂ ਦੀ ਵਿਧਾਇਕਾ 'ਤੇ ਐੱਨ.ਆਰ.ਆਈ. ਵੀਰ ਦੀ ਕੋਠੀ ਡੱਗਣ ਦਾ ਗੰਭੀਰ ਇਲਜ਼ਾਮ ਲੱਗਾ ਹੈ। ਬਾਜਵਾ ਨੇ ਆਪ ਸਰਕਾਰ ਨੂੰ ਦਿੱਲੀ ਦੀਆਂ ਚੜ੍ਹਾਈਆਂ ਨਾਲ ਜੋੜਦਿਆਂ ਕਿਹਾ ਕਿ ਇਹ ਲੋਕ ਪੰਜਾਬ ਦੇ ਲੱਖਾਂ-ਕਰੋੜਾਂ ਰੁਪਏ ਰੋਜ਼ਾਨਾ ਲੁੱਟ ਰਹੇ ਹਨ।
ਉਹਨਾਂ ਦੇ ਲੀਡਰਾਂ-ਮੰਤਰੀਆਂ ਨੇ ਦੇਸ਼-ਵਿਦੇਸ਼ਾਂ ਵਿੱਚ ਅਸੰਪਤੀਆਂ ਬਣਾਈਆਂ ਹਨ, ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ।ਬਾਜਵਾ ਨੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਪੈਦਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਪ ਸਰਕਾਰ ਨੇ ਪੁਲਿਸ ਨਾਲ ਮਿਲ ਕੇ ਅਪਰਾਧ ਨੂੰ ਵਧਾਇਆ ਹੈ, ਜਿਸ ਨਾਲ ਆਮ ਲੋਕਾਂ ਅਤੇ ਵਪਾਰੀਆਂ ਦੀ ਜਾਨ-ਮਾਲ ਖਤਰੇ ਵਿੱਚ ਹੈ। ਮਾਨ 'ਤੇ ਨਿੱਜੀ ਤੰਜ ਕਸਦੇ ਹੋਏ ਉਹਨਾਂ ਕਿਹਾ ਕਿ ਵੀ.ਆਈ.ਪੀ. ਕਲਚਰ ਖਤਮ ਕਰਨ ਦੇ ਵਾਅਦੇ ਕਰਕੇ ਆਏ ਇਹ ਲੋਕ ਹੁਣ ਖੁਦ "ਸਤੌਜ ਦੇ ਰਾਜੇ" ਵਾਂਗ ਜੀ ਰਹੇ ਹਨ – ਪਰਿਵਾਰ ਦੇ 4 ਮੈਂਬਰਾਂ ਲਈ 1000 ਪੁਲਿਸਕਰਮੀ ਅਤੇ 5 ਸਰਕਾਰੀ ਮਹਿਲ!
ਬਾਜਵਾ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਆਉਣ 'ਤੇ ਆਪ ਆਗੂਆਂ ਤੋਂ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ ਅਤੇ ਇੱਕ ਮਹੀਨੇ ਅੰਦਰ ਗੈਂਗਸਟਰਵਾਦ-ਨਸ਼ੇ ਨੂੰ ਜੜ੍ਹੋਂ ਖਤਮ ਕਰ ਦਿੱਤਾ ਜਾਵੇਗਾ, ਜਿਵੇਂ ਪਹਿਲਾਂ ਅੱਤਵਾਦ ਨੂੰ ਠੱਲ੍ਹ ਪਾਈ ਸੀ।ਮੀਟਿੰਗ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਕੇਕੇ ਬਾਵਾ, ਕਮਲ ਧਾਲੀਵਾਲ, ਗੁਰਮੀਤ ਸਿੰਘ ਗਿੱਲ, ਪਰਸ਼ੋਤਮ ਲਾਲ ਖਲੀਫਾ, ਸਨੀ ਕੱਕੜ, ਇੰਦਰਜੀਤ ਗਾਲਿਬ, ਗੁਰਜੀਤ ਸਿੰਘ ਗੀਟਾ, ਹਰਿੰਦਰ ਸਿੰਘ ਚਾਹਲ, ਅਮਨ ਕਪੂਰ ਬੋਬੀ, ਵਿਕਰਮ ਜੱਸੀ, ਸਤਿੰਦਰ ਪਾਲ ਸਿੰਘ ਤਤਲਾ, ਗੋਪਾਲ ਸ਼ਰਮਾ, ਨੀਟਾ ਸੱਭਰਵਾਲ, ਜਗਜੀਤ ਸਿੰਘ ਕਾਉਂਕੇ, ਫੀਨਾ ਸੱਭਰਵਾਲ, ਸਤਿੰਦਰ ਸਿੰਘ ਸਿੱਧੂ, ਅਰੁਣ ਗਿੱਲ, ਮਾਸਟਰ ਟਹਿਲ ਸਿੰਘ, ਬਾਬਾ ਗੁਰਚਰਨ ਸਿੰਘ ਦਲੇਰ, ਰਮਿੰਦਰਜੀਤ ਸਿੰਘ ਮਜੀਠੀਆ ਅਤੇ ਦਵਿੰਦਰ ਸਿੰਘ ਤੂਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।