ਬਠਿੰਡਾ ਵਿੱਚ ‘ਨਵੀਂ ਉਡਾਣ’ ਤਹਿਤ ਅਖ਼ਬਾਰਾਂ ਦੇ ਹਾਕਰਾਂ ਦਾ ਸਾਈਕਲਾਂ ਤੇ ਜੈਕਟਾਂ ਨਾਲ ਸਨਮਾਨ
ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ 2026 : ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਭਾਰਤੀ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਅੱਜ ਇਥੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀਂ ਖੇਡ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਵਲੋਂ ਨਿਵੇਕਲੀ ਪਹਿਲਕਦਮੀ ‘ਨਵੀਂ ਉਡਾਣ’ ਤਹਿਤ ਅਖਬਾਰਾਂ ਵੰਡਣ ਵਾਲੇ 50 ਹਾਕਰਾਂ ਨੂੰ ਸਾਈਕਲਾਂ ਅਤੇ ਜੈਕਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਅਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਜ ਵਿੱਚ ਇੱਕ ਵਰਗ ਅਖਬਾਰ ਵੰਡਣ ਵਾਲਿਆਂ ਦਾ ਹੁੰਦਾ ਹੈ। ਇਹ ਮਿਹਨਤਕਸ਼ ਲੋਕ ਹਨ, ਜੋ ਚਾਹੇ ਮੀਹ-ਹਨੇਰੀ ਹੋਵੇ, ਇਹ ਸਵੇਰੇ 4-5 ਵਜੇ ਉੱਠ ਕੇ ਲੋਕਾਂ ਦੇ ਘਰਾਂ ਵਿੱਚ ਅਖਬਾਰ ਪਹੁੰਚਾਉਂਦੇ ਹਨ। ਇਹ ਪਾਰਟ ਟਾਇਮ ਕੰਮ ਕਰਦੇ ਹਨ ਤੇ ਅਖਬਾਰ ਵੰਡਣ ਤੋਂ ਬਾਅਦ ਇਹ ਆਪਣੇ ਅਗਲੇ ਕੰਮ ਲਈ ਚਲੇ ਜਾਂਦੇ ਹਨ। ਇਹ ਲੋਕ ਅਖਬਾਰ ਵੰਡਣ ਦਾ ਕੰਮ ਸਾਈਕਲ ਰਾਹੀਂ ਕਰਦੇ ਹਨ। ਆਮ ਤੌਰ ‘ਤੇ ਇਹ ਸਾਈਕਲ ਪੁਰਾਣੇ ਹੁੰਦੇ ਹਨ ਅਤੇ ਅਖਬਾਰ ਵੰਡਣ ਸਮੇਂ ਇਨ੍ਹਾਂ ਵਿੱਚ ਕੋਈ ਨਾ ਕੋਈ ਖਰਾਬੀ ਆ ਜਾਂਦੀ ਹੈ, ਜਿਸ ਨਾਲ ਇਨ੍ਹਾਂ ਨੂੰ ਅਖਬਾਰ ਵੰਡਣ ਤੇ ਆਪਣੇ ਅਗਲੇ ਕੰਮ ‘ਤੇ ਜਾਣ ਵਿੱਚ ਦੇਰੀ ਹੋ ਜਾਂਦੀ ਹੈ।
ਅਖਬਾਰ ਵੰਡਣ ਵਾਲਿਆਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਖਬਾਰ ਵੰਡਣ ਵਾਲਿਆਂ ਨੂੰ ਇੱਕ ਨਵਾਂ ਸਾਈਕਲ ਬਿਨ੍ਹਾਂ ਕਿਸੇ ਕੀਮਤ ਤੋਂ ਦਿੱਤਾ ਗਿਆ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਅਖਬਾਰ ਵੰਡਣ ਵਾਲਿਆਂ ਦੇ ਰੋਜ਼ਾਨਾਂ ਜੀਵਨ ਨੂੰ ਸੁਖਾਲਾ ਬਣਾਉਣ ਤੋਂ ਇਲਾਵਾ ਉਨ੍ਹਾਂ ਦੀ ਮਿਹਨਤ ਨੂੰ ਸਨਮਾਨ ਦੇਣਾ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਿਥੇ ਅਖਬਾਰ ਹਾਕਰ ਲੋਕਤੰਤਰ ਦੀ ਮਜ਼ਬੂਤ ਨੀਂਹ ਹਨ ਉਥੇ ਹੀ ਸੂਚਨਾ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਵੀ ਨਿਭਾਉਂਦੇ ਹਨ। ਉਨ੍ਹਾਂ ਆਸ ਜਤਾਈ ਕਿ ਸਾਈਕਲਾਂ ਮਿਲਣ ਨਾਲ ਅਖਬਾਰ ਹਾਕਰਾਂ ਨੂੰ ਆਪਣੇ ਕੰਮ ਵਿੱਚ ਹੋਰ ਸੁਵਿਧਾ ਮਿਲੇਗੀ ਅਤੇ ਉਹ ਹੋਰ ਉਤਸ਼ਾਹ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ ਵੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਜ਼ਿਲ੍ਹੇ ਦਾ ਕੋਈ ਵੀ ਲੋੜਵੰਦ ਵਿਅਕਤੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਮਿਹਨਤੀ ਵਰਗ ਦਾ ਹੌਸਲਾ ਵਧਦਾ ਹੈ।