ਬਠਿੰਡਾ ਨੂੰ ਆਦਰਸ਼ ਸ਼ਹਿਰ ਬਣਾਉਣਾ ਹੀ ਮੁੱਖ ਮਕਸਦ: ਮੇਅਰ ਪਦਮਜੀਤ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 10 ਸਤੰਬਰ 2028 : ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਹਿਰ ਦੇ ਬਾਬਾ ਫਰੀਦ ਨਗਰ ਅਤੇ ਆਦਰਸ਼ ਨਗਰ ਵਿੱਚ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਅਤੇ ਪ੍ਰੀਮਿਕਸ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ। ਅੱਜ ਉਨ੍ਹਾਂ ਨੇ ਕੌਂਸਲਰ ਸੋਨੀਆ ਬਾਂਸਲ ਦੇ ਵਾਰਡ ਨੰਬਰ 5 ਵਿੱਚ ਸਥਿਤ ਬਾਬਾ ਫਰੀਦ ਨਗਰ ਦੀ ਗਲੀ ਨੰਬਰ 5/1-ਏ ਵਿੱਚ ਲਗਭਗ 9 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਇਹ ਵੀ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਵਾਰ ਪੂਰੇ ਸ਼ਹਿਰ ਨੂੰ ਆਧੁਨਿਕ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ ਅਤੇ ਪਹਿਲੀ ਵਾਰ ਲਾਈਨੋਂ ਪਾਰ ਖੇਤਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਜਾਇਆ ਜਾਵੇਗਾ, ਜਿਸ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਮੌਕੇ ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਬਠਿੰਡਾ ਸ਼ਹਿਰ ਨੂੰ ਇੱਕ ਆਦਰਸ਼ ਸ਼ਹਿਰ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਮੌਕੇ ਕੌਂਸਲਰ ਮੈਡਮ ਸੋਨੀਆ ਬਾਂਸਲ, ਬਾਬਾ ਫਰੀਦ ਨਗਰ ਦੇ ਸਕੱਤਰ ਸ੍ਰੀ ਦਿਲਬਾਗ ਸਿੰਘ, ਸ੍ਰੀ ਬਲਵਿੰਦਰ ਸਿੰਘ ਬੈਨੀਵਾਲ, ਡਾਕਟਰ ਸੁਖਵਿੰਦਰ ਬਰਾੜ, ਸ੍ਰੀ ਬਲਕੌਰ ਸਿੰਘ, ਸ੍ਰੀ ਮੇਜਰ ਸਿੰਘ, ਸ੍ਰੀ ਕੁਲਜੀਤ ਸਿੰਘ ਅਤੇ ਇਲਾਕਾ ਨਿਵਾਸੀ ਵੀ ਉਨ੍ਹਾਂ ਨਾਲ ਮੌਜੂਦ ਸਨ। ਮੇਅਰ ਸ੍ਰੀ ਮਹਿਤਾ ਨੇ ਬਾਬਾ ਫਰੀਦ ਨਗਰ ਦੀ ਗਲੀ ਨੰਬਰ 4 ਅਤੇ 5/2-ਜੀ ਦਾ ਪੈਦਲ ਦੌਰਾ ਕਰਕੇ ਸਥਾਨਕ ਸਮੱਸਿਆਵਾਂ ਦਾ ਜਾਇਜ਼ਾ ਲਿਆ ਅਤੇ ਉਕਤ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਬਾਅਦ, ਉਨ੍ਹਾਂ ਕੌਂਸਲਰ ਮਨਦੀਪ ਕੌਰ ਦੇ ਵਾਰਡ ਨੰਬਰ 1 ਵਿੱਚ ਸਥਿਤ ਆਦਰਸ਼ ਨਗਰ ਦੀ ਗਲੀ ਨੰਬਰ 1 ਵਿੱਚ ਲਗਭਗ 16 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਕੌਂਸਲਰ ਮੈਡਮ ਮਨਦੀਪ ਕੌਰ ਦੇ ਪਤੀ ਸ੍ਰੀ ਰਾਣਾ ਰਣਦੀਪ ਸਿੰਘ, ਡਾ. ਨਿਰਮਲ ਸਿੰਘ, ਸ੍ਰੀ ਬੋਹੜ ਸਿੰਘ ਚਾਹਲ, ਸ੍ਰੀ ਗੁਰਚਰਨ ਸਿੰਘ, ਮਾਸਟਰ ਹਰਪਾਲ ਸਿੰਘ, ਸ੍ਰੀ ਕੌਰ ਸਿੰਘ, ਸ੍ਰੀ ਭੋਲਾ ਸਿੰਘ ਅਬਲੂ, ਡਾ. ਭਗਵੰਤ ਸਿੰਘ, ਸ੍ਰੀ ਹਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮੌਜੂਦ ਸਨ।