ਪੰਥਕ ਸਿਆਸਤ 'ਚ ਵੱਡਾ ਧਮਾਕਾ! ‘ਅਕਾਲੀ ਦਲ ਪੁਨਰ ਸੁਰਜੀਤ’ ਨੇ ਇਸ ਪਾਰਟੀ ਨਾਲ ਕੀਤਾ ਗੱਠਜੋੜ
Babushahi Network
ਚੰਡੀਗੜ੍ਹ, 18 ਅਪ੍ਰੈਲ 2026- ਪੰਜਾਬ ਦੀ ਪੰਥਕ ਸਿਆਸਤ ਵਿੱਚ ਅੱਜ ਇੱਕ ਨਵਾਂ ਮੋੜ ਆਇਆ ਹੈ। ਦੋ ਪ੍ਰਮੁੱਖ ਅਕਾਲੀ ਧਿਰਾਂ, ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅਤੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਨੇ ਆਪਸੀ ਮੱਤਭੇਦ ਭੁਲਾ ਕੇ ਗੱਠਜੋੜ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਸ ਗੱਠਜੋੜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ “ਪੰਥਕ ਏਕਤਾ ਤਾਲਮੇਲ ਕਮੇਟੀ” ਦਾ ਗਠਨ ਕੀਤਾ ਗਿਆ ਹੈ।
ਤਾਲਮੇਲ ਕਮੇਟੀਆਂ ਦੀ ਪਹਿਲੀ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਦੋਵੇਂ ਧਿਰਾਂ ਮਿਲ ਕੇ ਸਿੱਖ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੀਆਂ। ਇਸ ਮੌਕੇ ਗੱਠਜੋੜ ਦੇ ਆਗੂਆਂ ਨੇ ਦੱਸਿਆ ਕਿ ਇਹ ਕਦਮ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਦੀ ਭਾਵਨਾ ਤਹਿਤ ਚੁੱਕਿਆ ਗਿਆ ਹੈ, ਜਿਸ ਵਿੱਚ ਪੰਥਕ ਏਕਤਾ 'ਤੇ ਜ਼ੋਰ ਦਿੱਤਾ ਗਿਆ ਸੀ।
ਇਸ ਨਵੀਂ ਬਣੀ “ਪੰਥਕ ਏਕਤਾ ਤਾਲਮੇਲ ਕਮੇਟੀ” ਦੇ ਕਨਵੀਨਰ ਵਜੋਂ ਪਾਰਟੀ ਦੇ ਸੀਨੀਅਰ ਆਗੂ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਤੋਂ ਬਾਅਦ ਕਨਵੀਨਰ ਨੇ ਦੋਵਾਂ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ, "ਪੰਥਕ ਏਕਤਾ ਦਾ ਜੋ ਕਾਰਜ ਅਧੂਰਾ ਪਿਆ ਸੀ, ਉਸ ਦੀ ਸਫਲਤਾ ਵੱਲ ਅੱਜ ਪਹਿਲਾ ਕਦਮ ਚੁੱਕਿਆ ਗਿਆ ਹੈ। ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਬੂਰ ਪਿਆ ਹੈ। ਸਾਡਾ ਮੁੱਖ ਮਕਸਦ ਸਿੱਖ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਮਜ਼ਬੂਤ ਕਰਨਾ ਹੈ।"
ਗੱਠਜੋੜ ਵੱਲੋਂ ਪੰਜਾਬ ਦੀਆਂ ਸਮੂਹ ਪੰਥਕ, ਸਮਾਜਿਕ-ਧਾਰਮਿਕ, ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਾਂਝੇ ਮੰਚ ਦਾ ਹਿੱਸਾ ਬਣਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਾਰੀਆਂ ਧਿਰਾਂ ਦਾ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਸੂਬੇ ਦੀ ਬਿਹਤਰੀ ਲਈ ਸਾਂਝੀ ਲੜਾਈ ਲੜੀ ਜਾ ਸਕੇ। ਇਸ ਗੱਠਜੋੜ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਗਰਮਾ-ਗਰਮੀ ਵਧਣ ਦੀ ਉਮੀਦ ਹੈ, ਕਿਉਂਕਿ ਇਹ ਧਿਰਾਂ ਆਉਣ ਵਾਲੇ ਸਮੇਂ ਵਿੱਚ ਵੱਡੀ ਸਿਆਸੀ ਚੁਣੌਤੀ ਪੇਸ਼ ਕਰ ਸਕਦੀਆਂ ਹਨ।
Click to Follow Babushahi Facebook page →