ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਦਿੱਤੀ ਇੱਕ ਹੋਰ ਰਾਹਤ
ਹੁਣ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਕਰਸਨਾ ਡਾਇਗਨੋਸਟਿਕ ਸੈਂਟਰਾਂ ਵਿੱਚ ਹੜ੍ਹ ਪੀੜਤਾਂ ਦੇ ਸਾਰੇ ਲੈਬ ਟੈੱਸਟ ਮੁਫ਼ਤ ਹੋਣਗੇ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 15 ਸਤੰਬਰ :
ਪੰਜਾਬ ਸਰਕਾਰ ਨੇ ਕਰਸਨਾ ਡਾਇਗਨੋਸਟਿਕ ਸੈਂਟਰਾਂ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਸਾਰੇ ਲੈਬ ਟੈੱਸਟ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਸਨੀਕ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਕਰਸਨਾ ਡਾਇਗਨੋਸਟਿਕ ਸੈਂਟਰਾਂ ਵਿੱਚ ਪਹੁੰਚ ਕੇ ਆਪਣੇ ਸਾਰੇ ਲੈਬ ਟੈੱਸਟ ਮੁਫ਼ਤ ਕਰਵਾ ਸਕਦੇ ਹਨ।
ਇਸ ਸਹੂਲਤ ਲਈ ਪੰਜਾਬ ਸਰਕਾਰ ਅਤੇ ਕਰਸਨਾ ਲੈਬ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਹੜ੍ਹਾਂ ਦੇ ਸੰਕਟ ਦੌਰਾਨ ਪੰਜਾਬ ਸਰਕਾਰ ਅਤੇ ਕਰਸਨਾ ਲੈਬ ਦਾ ਇਹ ਫ਼ੈਸਲਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਲੋਕਾਂ ਨੂੰ ਪਹਿਲਾਂ ਹੀ ਵੱਡਾ ਮਾਲੀ ਨੁਕਸਾਨ ਝੱਲਣਾ ਪਿਆ ਹੈ ਅਤੇ ਕਈ ਲੋਕ ਬੇਘਰ ਵੀ ਹੋ ਗਏ ਹਨ। ਰਿਹਾਇਸ਼ੀ ਖੇਤਰਾਂ ਵਿੱਚ ਹੜ੍ਹ ਦਾ ਪਾਣੀ ਆਉਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।
ਸ੍ਰੀ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਹਰ ਹੜ੍ਹ ਪ੍ਰਭਾਵਿਤ ਪਿੰਡ ਵਿੱਚ ਜਾ ਕੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਲਾਜ ਦੌਰਾਨ ਲੈਬ ਟੈੱਸਟ ਬਹੁਤ ਅਹਿਮ ਹੁੰਦੇ ਹਨ ਜਿਸ ਨਾਲ ਮਰੀਜ਼ ਦੀ ਬਿਮਾਰੀ ਦਾ ਸਹੀ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਭ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਰਸਨਾ ਡਾਇਗਨੋਸਟਿਕ ਸੈਂਟਰਾਂ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਜਿਸ ਤਹਿਤ ਇਹ ਲੈਬਾਂ ਹੜ੍ਹ ਪੀੜਤਾਂ ਦੇ ਸਾਰੇ ਟੈੱਸਟ ਮੁਫ਼ਤ ਕਰਨਗੀਆਂ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ, ਜ਼ਿਲ੍ਹਾ ਹਸਪਤਾਲ ਬੱਬਰੀ (ਗੁਰਦਾਸਪੁਰ) ਅਤੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਕਰਸਨਾ ਡਾਇਗਨੋਸਟਿਕ ਸੈਂਟਰ ਕੰਮ ਕਰ ਰਹੇ ਹਨ, ਜਿੱਥੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕ ਆਪਣੇ ਟੈੱਸਟ ਮੁਫ਼ਤ ਕਰਵਾ ਸਕਦੇ ਹਨ। ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਲਾਭ ਉਠਾਉਣ ਅਤੇ ਸਮੇਂ ਸਿਰ ਆਪਣੇ ਟੈੱਸਟ ਕਰਵਾ ਕੇ ਉਸ ਦਾ ਇਲਾਜ ਕਰਵਾਉਣ ਅਤੇ ਤੰਦਰੁਸਤ ਜੀਵਨ ਬਸਰ ਕਰਨ।
ਇਸ ਦੌਰਾਨ ਸ੍ਰੀ ਰਮਨ ਬਹਿਲ ਨੇ ਕਰਸਨਾ ਡਾਇਗਨੋਸਟਿਕ ਸੈਂਟਰ ਦੇ ਓਪਰੇਸ਼ਨ ਹੈੱਡ ਨਾਜਬੀਰ, ਰਾਜੀਵ, ਮੈਨੇਜਰ ਸੁਖਜਿੰਦਰ ਸਿੰਘ ਅਤੇ ਇੰਚਾਰਜ ਰਾਹੁਲ ਦਾ ਵੀ ਇਸ ਸੇਵਾ ਲਈ ਧੰਨਵਾਦ ਕੀਤਾ। ਉਨ੍ਹਾਂ ਕਰਸਨਾ ਲੈਬ ਦੇ ਸੰਚਾਲਕਾਂ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਜੋ ਵੀ ਵਿਅਕਤੀ ਟੈੱਸਟਾਂ ਲਈ ਆਉਂਦਾ ਹੈ ਉਸ ਦੇ ਟੈੱਸਟ ਮੁਫ਼ਤ ਅਤੇ ਪਹਿਲ ਦੇ ਅਧਾਰ 'ਤੇ ਕੀਤੇ ਜਾਣ।
ਇਸ ਮੌਕੇ ਉਨ੍ਹਾਂ ਨਾਲ ਸਿੱਖਿਆਂ ਕ੍ਰਾਂਤੀ ਦੇ ਹਲਕਾ ਕੋਆਰਡੀਨੇਟਰ ਸ੍ਰੀ ਅਸ਼ਵਨੀ ਕੁਮਾਰ, ਨਗਰ ਸੁਧਾਰ ਟਰੱਸਟ ਦੇ ਮੈਂਬਰ ਹਿਤੇਸ਼ ਮਹਾਜਨ, ਰਘੁਬੀਰ ਸਿੰਘ ਖ਼ਾਲਸਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਨੀਰਜ ਸਲਹੋਤਰਾ ਅਤੇ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।