ਪੰਜਾਬ ਸਰਕਾਰ ਦੀਆਂ ਨਲਾਇਕੀਆਂ ਖ਼ਿਲਾਫ਼ 06 ਮਈ ਤੋਂ ਹੋਵੇਗੀ ਸੂਬਾ ਪੱਧਰੀ ਕੰਮ-ਛੋੜ ਹੜਤਾਲ- ਰਮੇਸ਼ ਗੈਚੰਡ
ਪੰਜਾਬ ਦੇ ਸਫਾਈ ਕਰਮਚਾਰੀਆਂ ਨੇ ਬਜਾਇਆ ਸੰਘਰਸ਼ ਦਾ ਬਿਗੁਲ ਤਿਆਰੀਆਂ ਮੁਕੰਮਲ— ਅਰੁਣ ਗਿੱਲ
ਜਗਰਾਉਂ, 20 ਅਪ੍ਰੈਲ (ਦੀਪਕ ਜੈਨ )
ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਲਗਾਤਾਰ ਅਣਦੇਖੀ ਤੋਂ ਖਫ਼ਾ ਸਫਾਈ ਕਰਮਚਾਰੀ ਐਕਸਨ ਕਮੇਟੀ ਪੰਜਾਬ ਨੇ ਹੁਣ ਖੁੱਲ੍ਹ ਕੇ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਸਫਾਈ ਸੇਵਕ ਐਕਸ਼ਨ ਕਮੇਟੀ ਦੇ ਜਰਨਲ ਸਕੱਤਰ ਰਮੇਸ਼ ਗੈਚੰਡ ਸਖ਼ਤ ਲਹਿਜ਼ੇ ਵਿੱਚ ਐਲਾਨ ਕਰਦੇ ਹੋਏ ਕਿਹਾ ਕਿ 06 ਮਈ ਤੋਂ ਸੂਬਾ ਪੱਧਰ ’ਤੇ ਕੰਮ-ਛੋੜ ਹੜਤਾਲ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਜਥੇਬੰਦੀ ਦੇ ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਡਿੱਠਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ। “ਹੁਣ ਸਹਿਨਸ਼ੀਲਤਾ ਦੀ ਹੱਦ ਪਾਰ ਹੋ ਚੁੱਕੀ ਹੈ, ਇਸ ਲਈ ਸੰਘਰਸ਼ ਹੀ ਇੱਕੋ-ਇੱਕ ਰਾਹ ਬਚਿਆ ਹੈ,” ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ।
ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਪੰਜਾਬ ਦੇ ਸਫਾਈ ਕਰਮਚਾਰੀਆਂ ਨੇ ਸੰਘਰਸ਼ ਦਾ ਬਿਗੁਲ ਬਜਾ ਦਿੱਤਾ ਹੈ ਅਤੇ ਜੇਕਰ ਸਰਕਾਰ ਨੇ ਹੁਣ ਵੀ ਗੰਭੀਰਤਾ ਨਾ ਦਿਖਾਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਅੰਦੋਲਨ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਕਰਮਚਾਰੀਆਂ ਦੇ ਹੱਕਾਂ ਨਾਲ ਖਿਲਵਾੜ ਕਰ ਰਹੀ ਹੈ ਅਤੇ ਜ਼ਮੀਨੀ ਪੱਧਰ ’ਤੇ ਕੋਈ ਸੁਧਾਰ ਨਹੀਂ ਕੀਤਾ ਜਾ ਰਿਹਾ।
ਇਸ ਮੌਕੇ ਜਥੇਬੰਧਕ ਸਕੱਤਰ ਕੁਲਦੀਪ ਕਾਂਗੜਾ ਨੇ ਵੀ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਸੂਬੇ ਭਰ ਵਿੱਚ ਵੱਡੇ ਰੂਪ ਵਿੱਚ ਫੈਲੇਗਾ। ਉਨ੍ਹਾਂ ਕਿਹਾ ਕਿ ਕਰਮਚਾਰੀ ਹੁਣ ਆਪਣੇ ਹੱਕ ਲੈ ਕੇ ਹੀ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਸਵੀਕਾਰ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਸਪਸ਼ਟ ਕੀਤਾ ਕਿ 06 ਮਈ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਦੌਰਾਨ ਸਫਾਈ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਨੇ ਸਾਰੇ ਸਫਾਈ ਕਰਮਚਾਰੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
ਸਰਕਾਰ ਦੀਆਂ ਚਾਲਾਂ ਨਾਕਾਮ ਕਰਨ ਲਈ ਬੀ ਤੇ ਸੀ ਟੀਮਾਂ ਤਿਆਰ ਸਫਾਈ ਕਰਮਚਾਰੀਆਂ ਦਾ ਸੰਘਰਸ਼ ਹੋਰ ਹੋਵੇਗਾ ਤਿੱਖਾ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਫਾਈ ਸੇਵਕ ਯੂਨੀਅਨ ਪੰਜਾਬ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਬੀ ਅਤੇ ਸੀ ਟੀਮਾਂ ਦਾ ਵੀ ਗਠਨ ਕਰ ਦਿੱਤਾ ਗਿਆ ਹੈ।
ਯੂਨੀਅਨ ਆਗੂਆਂ ਨੇ ਤਿੱਖੇ ਅਤੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਸਰਕਾਰ ਵੱਲੋਂ ਜੇਕਰ ਕਿਸੇ ਵੀ ਤਰੀਕੇ ਨਾਲ ਇਸ ਸੰਘਰਸ਼ ਨੂੰ ਤੋੜਨ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬੀ ਤੇ ਸੀ ਟੀਮਾਂ ਮੋਰਚਾ ਸੰਭਾਲਣ ਲਈ ਤਿਆਰ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਹੁਣ ਸਿਰਫ਼ ਮੰਗਾਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਕਰਮਚਾਰੀਆਂ ਦੀ ਇਜ਼ਤ ਅਤੇ ਅਧਿਕਾਰਾਂ ਦੀ ਲੜਾਈ ਬਣ ਚੁੱਕਿਆ ਹੈ।
ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਕਸਰ ਸੰਘਰਸ਼ਾਂ ਨੂੰ ਦਬਾਉਣ ਲਈ ਵੰਡੋ-ਤੇ-ਰਾਜ ਕਰੋ ਦੀ ਨੀਤੀ ਅਪਣਾਉਂਦੀ ਹੈ, ਪਰ ਇਸ ਵਾਰ ਕਰਮਚਾਰੀ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉਤਰੇ ਹਨ। “ਸਰਕਾਰ ਦੇ ਹਰ ਹਥਕੰਡੇ ਦਾ ਜਵਾਬ ਦਿੱਤਾ ਜਾਵੇਗਾ ਅਤੇ ਸੰਘਰਸ਼ ਨੂੰ ਕਦੇ ਵੀ ਕਮਜ਼ੋਰ ਨਹੀਂ ਪੈਣ ਦਿੱਤਾ ਜਾਵੇਗਾ,” ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ।
ਯੂਨੀਅਨ ਦੇ ਨੇਤਾਵਾਂ ਨੇ ਸਪਸ਼ਟ ਕੀਤਾ ਕਿ 06 ਮਈ ਤੋਂ ਸ਼ੁਰੂ ਹੋਣ ਵਾਲੀ ਸੂਬਾ ਪੱਧਰੀ ਕੰਮ-ਛੋੜ ਹੜਤਾਲ ਨੂੰ ਹਰ ਹਾਲ ਵਿੱਚ ਕਾਮਯਾਬ ਬਣਾਇਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਸੰਘਰਸ਼ ਨੂੰ ਹੋਰ ਵੀ ਵੱਡੇ ਪੱਧਰ ’ਤੇ ਲੈ ਜਾਇਆ ਜਾਵੇਗਾ।
ਚੋਣ ਜਾਬਤੇ ਦੇ ਸਵਾਲ ’ਤੇ ਭੜਕੇ ਆਗੂ — “ਹੱਕਾਂ ਦੀ ਲੜਾਈ ’ਤੇ ਕੋਈ ਜਾਬਤਾ ਲਾਗੂ ਨਹੀਂ ਹੁੰਦਾ”
ਸਫਾਈ ਕਰਮਚਾਰੀਆਂ ਵੱਲੋਂ ਐਲਾਨੀ ਗਈ ਸੂਬਾ ਪੱਧਰੀ ਕੰਮ-ਛੋੜ ਹੜਤਾਲ ਦੇ ਮੱਦੇਨਜ਼ਰ ਜਦੋਂ ਪ੍ਰੈਸ ਵੱਲੋਂ ਚੋਣ ਜਾਬਤਾ ਲੱਗਣ ਸਬੰਧੀ ਸਵਾਲ ਕੀਤਾ ਗਿਆ ਤਾਂ ਯੂਨੀਅਨ ਆਗੂਆਂ ਨੇ ਤਿੱਖੇ ਅਤੇ ਦਿਲੇਰੀ ਭਰੇ ਲਹਿਜ਼ੇ ਵਿੱਚ ਸਰਕਾਰ ਨੂੰ ਘੇਰ ਲਿਆ।
ਨੁਮਾਇੰਦਿਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਚੋਣ ਜਾਬਤਾ ਸਰਕਾਰਾਂ ਲਈ ਹੁੰਦਾ ਹੈ, ਨਾ ਕਿ ਆਪਣੇ ਹੱਕਾਂ ਲਈ ਲੜ ਰਹੇ ਕਰਮਚਾਰੀਆਂ ਲਈ। “ਜਦੋਂ ਸਰਕਾਰ ਸਾਲਾਂ ਤੱਕ ਸਾਡੇ ਹੱਕ ਰੋਕ ਕੇ ਬੈਠੀ ਰਹੀ, ਉਸ ਵੇਲੇ ਕੋਈ ਜਾਬਤਾ ਯਾਦ ਨਹੀਂ ਆਇਆ, ਹੁਣ ਜਦੋਂ ਕਰਮਚਾਰੀ ਸੜਕਾਂ ’ਤੇ ਉਤਰ ਰਹੇ ਹਨ ਤਾਂ ਜਾਬਤੇ ਦੀ ਓਟ ਲੈ ਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਗੂਆਂ ਨੇ ਹੋਰ ਕਿਹਾ ਕਿ ਜੇਕਰ ਸਰਕਾਰ ਸੋਚਦੀ ਹੈ ਕਿ ਚੋਣ ਜਾਬਤੇ ਦਾ ਹਵਾਲਾ ਦੇ ਕੇ ਕਰਮਚਾਰੀਆਂ ਦੀ ਆਵਾਜ਼ ਨੂੰ ਰੋਕਿਆ ਜਾ ਸਕਦਾ ਹੈ ਤਾਂ ਇਹ ਉਸਦੀ ਵੱਡੀ ਭੁੱਲ ਹੈ। “ਸਾਡਾ ਸੰਘਰਸ਼ ਕਿਸੇ ਵੀ ਕਾਨੂੰਨੀ ਦਾਇਰੇ ਤੋਂ ਬਾਹਰ ਨਹੀਂ, ਸਗੋਂ ਸਾਡੇ ਬੁਨਿਆਦੀ ਅਧਿਕਾਰਾਂ ਦੀ ਲੜਾਈ ਹੈ, ਜਿਸਨੂੰ ਕੋਈ ਵੀ ਜਾਬਤਾ ਨਹੀਂ ਰੋਕ ਸਕਦਾ,” ਉਨ੍ਹਾਂ ਨੇ ਦ੍ਰਿੜਤਾ ਨਾਲ ਕਿਹਾ।
ਨੁਮਾਇੰਦਿਆਂ ਨੇ ਚੇਤਾਵਨੀ ਦਿੱਤੀ ਕਿ 06 ਮਈ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਹਰ ਹਾਲ ਵਿੱਚ ਜਾਰੀ ਰਹੇਗੀ ਅਤੇ ਜੇਕਰ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸਦਾ ਜਵਾਬ ਹੋਰ ਵੱਡੇ ਪੱਧਰ ਦੇ ਸੰਘਰਸ਼ ਨਾਲ ਦਿੱਤਾ ਜਾਵੇਗਾ।
“ਚੋਣ ਜਾਬਤਾ ਸਾਡੇ ਹੌਸਲੇ ਨਹੀਂ ਤੋੜ ਸਕਦਾ, ਹੁਣ ਲੜਾਈ ਅੰਤ ਤੱਕ ਜਾਰੀ ਰਹੇਗੀ” – ਇਸ ਤਿੱਖੇ ਸੁਨੇਹੇ ਨਾਲ ਆਗੂਆਂ ਨੇ ਸਰਕਾਰ ਨੂੰ ਸਪਸ਼ਟ ਚੇਤਾਵਨੀ ਦੇ ਦਿੱਤੀ ਹੈ।
“ਹੁਣ ਪਿੱਛੇ ਹਟਣ ਦਾ ਕੋਈ ਸਵਾਲ ਹੀ ਨਹੀਂ, ਸਰਕਾਰ ਨੂੰ ਕਰਮਚਾਰੀਆਂ ਦੇ ਹੱਕ ਦੇਣੇ ਹੀ ਪੈਣਗੇ”
“ਹੱਕ ਨਹੀਂ ਮਿਲੇ ਤਾਂ ਸੰਘਰਸ਼ ਹੋਰ ਭਖੇਗਾ” – ਇਸ ਚੇਤਾਵਨੀ ਨਾਲ ਆਗੂਆਂ ਨੇ ਸਰਕਾਰ ਨੂੰ ਆਖ਼ਰੀ ਮੌਕਾ ਦਿੰਦਿਆਂ ਮੰਗਾਂ ਨੂੰ ਤੁਰੰਤ ਮੰਨਣ ਦੀ ਮੰਗ ਕੀਤੀ ਹੈ।
Click to Follow Babushahi Facebook page →