ਪੰਚਾਇਤ ਵਿਭਾਗ ਦੇ ਪੈਨਸ਼ਨਰਜ਼ ਦਾ ਵਫ਼ਦ ਨਵੇਂ ਪੈਨਸ਼ਨ ਸੈਲ ਮੁਖੀ ਨੂੰ ਮਿਲਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਅਪ੍ਰੈਲ 2026: ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਵਫ਼ਦ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਦੀ ਅਗਵਾਈ ਹੇਠ ਪੈਨਸ਼ਨ ਸੈਲ ਦੇ ਨਵ ਨਿਯੁਕਤ ਹੋਏ ਮੁਖੀ ਡਿਪਟੀ ਡਾਇਰੈਕਟਰ ਹਰਮਨ ਬੀਰ ਸਿੰਘ ਨੂੰ ਉਨ੍ਹਾਂ ਦੇ ਦਫਤਰ ਵਿਖੇ ਪਹਿਲੀ ਵਾਰ ਮਿਲਿਆ। ਹਰਮਨ ਬੀਰ ਸਿੰਘ ਨੂੰ ਪੈਨਸ਼ਨ ਸੈਲ ਦਾ ਮੁੱਖੀ ਨਿਯੁਕਤ ਹੋਣ ਉਤੇ ਵਧਾਈ ਦਿੰਦਿਆਂ ਵਫ਼ਦ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਦਾ ਹੋਰ ਵਧੀਆ ਤਰੀਕੇ ਨਾਲ ਹੱਲ ਹੋਵੇਗਾ। ਵਫ਼ਦ ਨੇ ਪੈਨਸ਼ਨ ਸੈਲ ਦੀ ਸਾਬਕਾ ਮੁੱਖੀ ਪ੍ਰਨੀਤ ਕੌਰ ਦਾ ਵੀ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ, ਜਿਨ੍ਹਾਂ ਪਿਛਲੇ ਸਮੇਂ ਦੌਰਾਨ ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ ।
ਇਸ ਮੌਕੇ ਪੈਨਸ਼ਨ ਸੈਲ ਮੁੱਖੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਮਾਰਚ ਮਹੀਨੇ ਦੀ ਪੈਨਸ਼ਨ ਪਾਉਣ ਲਈ ਯਤਨ ਜਾਰੀ ਹਨ । ਜੁਲਾਈ 2021 ਤੋਂ 2024 ਦੇ ਬਕਾਇਆਂ ਬਾਰੇ ਉਨ੍ਹਾਂ ਦੱਸਿਆ ਕਿ 50 ਫੀਸਦੀ ਪੈਨਸ਼ਨਰਜ਼ ਦਾ ਬਕਾਇਆ ਦਿੱਤਾ ਜਾ ਚੁੱਕਾ ਹੈ ਜਦਕਿ ਬਾਕੀਆਂ ਦਾ ਜਲਦ ਦੇਣ ਸਬੰਧੀ ਕਾਰਵਾਈ ਜਾਰੀ ਹੈ । ਜਨਵਰੀ 2016 ਤੋਂ ਜੂਨ 2021ਤੱਕ ਦਾ ਬਕਾਇਆ ਜਾਰੀ ਕਰਨ ਲਈ ਉੱਚ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਛੇਤੀ ਸ਼ੁਰੂ ਕੀਤੀ ਜਾਵੇਗੀ। ਲਿਕਵਰ ਟੈਕਸ ਵਿਚੋਂ ਪੈਨਸ਼ਨ ਦੇਣ ਸਬੰਧੀ ਮੰਤਰੀ ਮੰਡਲ ਦੀ ਪ੍ਰਵਾਨਗੀ ਸਬੰਧੀ ਕਾਰਵਾਈ ਆਰੰਭ ਦਿੱਤੀ ਗਈ ਹੈ । ਫੈਮਲੀ ਪੈਨਸ਼ਨਰਜ਼ ਤੇ ਹੋਰਨਾਂ ਪੈਨਸ਼ਨਰਜ਼ ਦਾ ਬੁਢਾਪਾ ਭੱਤਾ ਦੇਣ ਲਈ ਯਤਨ ਜਾਰੀ ਹਨ ਤੇ ਪੈਨਸ਼ਨਰਜ਼ ਨੂੰ ਪੈਨਸ਼ਨ ਬੰਦ ਹੋਣ ਦੇ ਪ੍ਰਚਾਰ ਤੋਂ ਘਬਰਾਉਣ ਦੀ ਲੋੜ ਨਹੀਂ। ਵਫ਼ਦ ਵਿਚ ਜਥੇਬੰਦੀ ਦੇ ਮੀਤ ਪ੍ਰਧਾਨ ਲਛਮਣ ਸਿੰਘ ਗਰੇਵਾਲ,ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ,ਸਕੱਤਰ ਜਗੀਰ ਢਿੱਲੋਂ, ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ, ਭਗਵਾਨ ਸਿੰਘ, ਮਹਿੰਦਰ ਸਿੰਘ ਭੰਗੂ , ਜਗਤਾਰ ਸਿੰਘ ਪਟਿਆਲਾ, ਪ੍ਰਮਜੀਤ ਸਿੰਘ,ਗੁਰਮੇਲ ਸਿੰਘ , ਸਤਪਾਲ,ਦਰਸ਼ਨ ਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ ।
Click to Follow Babushahi Facebook page →