ਪ੍ਰਧਾਨ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਲਈ ਹਾਸੋਹੀਣਾ ਪੈਕੇਜ ਐਲਾਨ ਕਰਕੇ ਪੰਜਾਬ ਦਾ ਮਜ਼ਾਕ ਉਡਾਇਆ: ਅਜੀਤਪਾਲ ਕੋਹਲੀ
- ਪੰਜਾਬ ਨੇ ਮੰਗਿਆ ਸੀ 20 ਹਜ਼ਾਰ ਕਰੋੜ, ਐਲਾਨ ਹੋਇਆ ਸਿਰਫ਼ 1600 ਕਰੋੜ
- ਇਕ ਵਾਰ ਫਿਰ ਸਿੱਧ ਹੋਇਆ ਕਿ ਆਪ ਸਰਕਾਰ ਹੀ ਪੰਜਾਬ ਦੇ ਲੋਕਾਂ ਦੀ ਅਸਲ ਵਾਰਿਸ
ਪਟਿਆਲਾ, 10 ਸਤੰਬਰ 2025- ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰਧਾਨ ਮੰਤਰੀ 'ਤੇ ਤੰਜ ਕਸਦਿਆਂ ਆਖਿਆ ਕਿ ਪਿਛਲੇ 15 ਦਿਨਾਂ ਤੋ ਸਾਰਾ ਪੰਜਾਬ ਹੜ੍ਹ ਵਿਚ ਰੁੜਿਆ ਪਿਆ ਹੈ ਤੇ ਅੱਜ ਪੰਜਾਬ ਲੂੰ ਪ੍ਰਧਾਨ ਮੰਤਰੀ ਉਪਰ ਵੱਡੀਆਂ ਆਸਾਂ ਸਨ ਪਰ ਜੋ ਐਲਾਨ ਪ੍ਰਧਾਨ ਮੰਤਰੀ ਨੇ ਕੀਤਾ ਹੈ, ਉਸ ਪੈਕੇਜ ਤੋਂ ਸਪਸ਼ਟ ਹੈ ਕਿ ਇਹ ਪੰਜਾਬੀਆਂ ਦਾ ਮਜ਼ਾਕ ਉੱਡਿਆ ਹੈ।
ਅਜੀਤਪਾਲ ਕੋਹਲੀ ਨੇ ਆਖਿਆ ਕਿ ਸਮੁੱਚੀ ਪੰਜਾਬ ਸਰਕਾਰ, ਸਾਰਾ ਪੰਜਾਬ ਪ੍ਰਧਾਨ ਮੰਤਰੀ ਨੂੰ ਇਕੱਲੇ ਹੜ੍ਹ ਪੀੜਤਾਂ ਲਈ 20 ਹਜ਼ਾਰ ਕਰੋੜ ਦਾ ਪੈਕੇਜ ਮੰਗ ਰਿਹਾ ਸੀ ਪਰ ਐਲਾਨ ਸਿਰਫ਼ 1600 ਕਰੋੜ ਦਾ ਹੋਇਆ ਹੈ, ਜਦੋਂ ਕਿ ਇਹ ਵੀ ਸਪਸ਼ਟ ਹੈ ਕਿ ਪੰਜਾਬ ਦਾ ਨੁਕਸਾਨ ਬਹੁਤ ਵੱਡਾ ਹੋਇਆ ਹੈ, ਜਿਹੜਾ 20 ਹਜ਼ਾਰ ਕਰੋੜ ਵਿਚ ਵੀ ਪੂਰਾ ਨਹੀਂ ਹੋਵੇਗਾ।
ਉਨ੍ਹਾਂ ਆਖਿਆ ਕਿ ਇਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਲੋਕਾਂ ਦੀ ਅਸਲ ਵਾਰਿਸ ਹੈ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਇਸ ਦੇ ਨਾਲ ਹੀ ਜਿਹਦਾ ਖੇਤ ਉਸ ਦੀ ਰੇਤ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਹ ਵੀ ਸਪਸ਼ਟ ਕੀਤਾ ਹੈ ਕਿ 31 ਦਸੰਬਰ ਤੱਕ ਬਿਨਾ ਪਰਮਿਟ ਤੋਂ ਕਿਸਾਨ ਆਪਣੀ ਜ਼ਮੀਨ ਤੋਂ ਰੇਤਾ ਚੁੱਕਣ ਦੀ ਇਜਾਜ਼ਤ ਹੋਵੇਗੀ।
ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਆਪਣੀ ਹਰ ਵਾਹ ਲਗਾ ਦਿੱਤੀ ਹੈ ਕਿ ਉੱਜੜੇ ਹੋਏ ਲੋਕਾਂ ਨੂੰ ਮੂੜ੍ਹ ਲੀਹ 'ਤੇ ਲਿਆਂਦਾ ਜਾਵੇ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿਚ ਜਿਸ ਦਾ ਖੇਤ ਉਸ ਦੀ ਰੇਤ ਨੀਤੀ ਲਾਗੂ ਹੋਈ ਹੈ। ਉਨ੍ਹਾਂ ਆਖਿਆ ਕਿ ਭਾਜਪਾ ਸਿਰਫ਼ ਗੱਲਾਂ ਮਾਰੀਆਂ ਜਾਣਦੀ ਹੈ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਦਿਲੋਂ ਖੜਦੀ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਨਿਗੁਣਾ ਜਿਹਾ ਪੈਕੇਜ ਐਲਾਨ ਕਰਕੇ ਇਕ ਵਾਰ ਫਿਰ ਪੰਜਾਬ ਦਾ ਮਜ਼ਾਕ ਉਡਾਇਆ ਹੈ।
ਪ੍ਰਨੀਤ ਕੌਰ ਤੇ ਬੀਬਾ ਜੈ ਇੰਦਰ 'ਤੇ ਕੱਸਿਆ ਤੰਜ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਮੌਕੇ ਪ੍ਰਨੀਤ ਕੌਰ ਤੇ ਬੀਬਾ ਜੈ ਇੰਦਰ ਕੌਰ 'ਤੇ ਤੰਜ ਕਸਦਿਆਂ ਆਖਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਰਹੀਆਂ ਅਤੇ 25 ਸਾਲ ਇਨ੍ਹਾਂ ਨੇ ਸੂਬੇ ਅਤੇ ਦਿੱਲੀ ਦੀ ਰਾਜ ਸੱਤਾ ਦਾ ਆਨੰਦ ਮਾਣਿਆ, ਉਸ ਵੇਲੇ ਇਨ੍ਹਾਂ ਪੰਜ ਸਾਲ ਘੱਗਰ ਦਾ ਕੁੱਝ ਵੀ ਨਹੀਂ ਕੀਤਾ। ਹੁਣ ਇਹ ਕਹਿ ਰਹੇ ਹਨ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਘੱਗਰ ਨੂੰ ਪੱਕਾ ਕਰੋ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਆਖਿਆ ਕਿ ਸਾਰਾ ਪੰਜਾਬ ਕਹਿ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ 1600 ਕਰੋੜ ਦੇ ਕੇ ਪੰਜਾਬੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ ਪਰ ਇਹ ਕਹਿ ਰਹੇ ਹਨ ਕਿ ਬਹੁਤ ਵੱਡਾ ਪੈਕੇਜ ਦਿੱਤਾ ਹੈ। ਉਨ੍ਹਾਂ ਆਖਿਆ ਕਿ ਹੈਰਾਨੀ ਹੈ ਕਿ ਜਦੋਂ ਸਾਰਾ ਪੰਜਾਬ 20 ਹਜ਼ਾਰ ਕਰੋੜ ਮੰਗ ਰਿਹਾ ਸੀ, ਉਸ ਵੇਲੇ 1600 ਕਰੋੜ ਰੁਪਏ ਦੇਣ ਨੂੰ ਪ੍ਰਨੀਤ ਕੌਰ ਤੇ ਬੀਬਾ ਜੈ ਇੰਦਰ ਬਹੁਤ ਵੱਡਾ ਕਦਮ ਦਸ ਰਹੀਆਂ ਹਨ। ਇਸ ਤੋਂ ਕਿਸਾਨਾਂ ਤੇ ਪੰਜਾਬ ਪ੍ਰਤੀ ਇਨ੍ਹਾਂ ਦੀ ਮਾਨਸਿਕਤਾ ਝਲਕਦੀ ਨਜ਼ਰ ਆਉਂਦੀ ਹੈ।