ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਚੈਕਿੰਗ
ਅਸ਼ੋਕ ਵਰਮਾ
ਬਰਨਾਲਾ, 22 ਜਨਵਰੀ 2026:ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫ਼ਤਰ ਬਰਨਾਲਾ ਵੱਲੋਂ ਨਗਰ ਨਿਗਮ ਬਰਨਾਲਾ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ 'ਤੇ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੂਸ਼ਣ ਰੋਕਥਾਮ ਬੋਰਡ ਦਫ਼ਤਰ ਬਰਨਾਲਾ (ਜੇ.ਈ) ਮੈਡਮ ਮੁਸਕਾਨ ਨੇ ਦੱਸਿਆ ਕਿ ਚੈਕਿੰਗ ਟੀਮ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਵਪਾਰਕ ਖੇਤਰਾਂ ਵਿੱਚ ਦੁਕਾਨਾਂ ਦੀ ਤਲਾਸ਼ੀ ਲਈ ਗਈ ਤਾਂ ਜੋ ਚਾਈਨਾ ਡੋਰ ਦੇ ਭੰਡਾਰਨ ਅਤੇ ਵਿਕਰੀ ਨੂੰ ਰੋਕਿਆ ਜਾ ਸਕੇ।
ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਟੀਮ ਵੱਲੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਚਾਈਨਾ ਡੋਰ ਦੇ ਖ਼ਤਰਿਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਇਸ ਡੋਰ ਦੀ ਵਰਤੋਂ ਵਾਤਾਵਰਣ ਅਤੇ ਮਿਉਂਸਪਲ ਕਾਨੂੰਨਾਂ ਤਹਿਤ ਇੱਕ ਦੰਡਯੋਗ ਅਪਰਾਧ ਹੈ।
ਉਹਨਾਂ ਦੱਸਿਆ ਕਿ ਚਾਈਨਾ ਡੋਰ ਸਿੰਥੈਟਿਕ ਅਤੇ ਨਾਨ-ਬਾਇਓਡੀਗ੍ਰੇਡੇਬਲ (ਨਾ ਗਲਣਯੋਗ) ਸਮੱਗਰੀ ਤੋਂ ਬਣੀ ਹੁੰਦੀ ਹੈ, ਜੋ ਵਾਤਾਵਰਣ ਲਈ ਬੇਹੱਦ ਘਾਤਕ ਹੋਣ ਦੇ ਨਾਲ ਨਾਲ ਇਸ ਦੀ ਬਹੁਤ ਜ਼ਿਆਦਾ ਤਿੱਖੀ ਧਾਰ ਕਾਰਨ ਦੋ ਪਹੀਆ ਵਾਹਨ ਚਾਲਕਾਂ ਦੇ ਗੰਭੀਰ ਸੱਟਾਂ ਲੱਗਣ ਅਤੇ ਮੌਤ ਹੋਣ ਦਾ ਖ਼ਤਰਾ ਬਣ ਸਕਦਾ ਹੈ, ਇਹ ਡੋਰ ਪੰਛੀਆਂ ਦੇ ਖੰਭ ਕੱਟਣ ਅਤੇ ਉਨ੍ਹਾਂ ਦੀ ਮੌਤ ਦਾ ਵੱਡਾ ਕਾਰਨ ਬਣਦੀ ਹੈ, ਇਹ ਡੋਰ ਬਿਜਲੀ ਦੀਆਂ ਤਾਰਾਂ ਵਿੱਚ ਫ਼ਸ ਕੇ ਸ਼ਾਰਟ ਸਰਕਟ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਕਾਰਨ ਵੀ ਬਣਦੀ ਹੈ।
ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ ਅਤੇ ਇਸ ਦੀ ਬਜਾਏ ਸੂਤੀ ਧਾਗੇ (ਦੇਸੀ ਡੋਰ) ਦੀ ਵਰਤੋਂ ਕਰਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।