ਪਟਿਆਲਾ ਨੂੰ ਵੱਡੀ ਤੇ ਛੋਟੀ ਨਦੀ ਦੀ ਮਾਰ ਨਹੀਂ; ਨੱਥ ਚੂੜਾ ਚੜ੍ਹਾਉਣ ਵਾਲਿਆਂ ਵੱਲੋਂ ਦੀ ਪਈ ਮਾਰ : ਡਾ. ਬਲਬੀਰ ਸਿੰਘ
-ਕਿਹਾ, ਹੜ੍ਹਾਂ ਨੂੰ ਪਟਿਆਲਾ ਲਈ ਕਰੋਪੀ ਦੱਸਣ ਵਾਲੇ ਨੱਥ ਚੂੜਾ ਚੜ੍ਹਾਉਣ ਤੱਕ ਹੀ ਰਹੇ ਸੀਮਤ; ਨਹੀਂ ਕੱਢਿਆ ਕੋਈ ਵਿਗਿਆਨਿਕ ਹੱਲ
-ਪਟਿਆਲਾ ਲਈ ਕਰੋਪੀ ਮੰਨੀ ਜਾਂਦੀ ਵੱਡੀ ਤੇ ਛੋਟੀ ਨਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਣੇਗੀ ਵਰਦਾਨ : ਸਿਹਤ ਮੰਤਰੀ
-ਹੜ੍ਹਾਂ ਦਾ ਵਿਗਿਆਨਿਕ ਢੰਗ ਨਾਲ ਕੀਤਾ ਜਾ ਰਿਹੈ ਹੱਲ, ਚੰਡੀਗੜ੍ਹ ਤੋਂ ਪਟਿਆਲਾ ਤੱਕ ਇਕ ਹਜ਼ਾਰ ਰੀਚਾਰਜਿੰਗ ਵੈਲ ਬਣਾਏ ਜਾਣਗੇ
-ਮਾਨ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਐਫ.ਡੀ ਕਰਵਾਏਗੀ : ਡਾ. ਬਲਬੀਰ ਸਿੰਘ
ਪਟਿਆਲਾ, 18 ਮਈ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਪਟਿਆਲਾ ਨੂੰ ਹੜ੍ਹਾਂ ਦੀ ਕਰੋਪੀ ਦਾ ਸ਼ਿਕਾਰ ਦੱਸ ਕੇ ਨੱਥ ਚੂੜਾ ਚੜਾ ਕੇ ਰਾਜਨੀਤੀ ਕਰਨ ਵਾਲਿਆਂ ਨੇ ਕਦੇ ਵੀ ਪਟਿਆਲਾ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੋਈ ਵਿਗਿਆਨਿਕ ਢੰਗ ਨਹੀਂ ਅਪਣਾਇਆ, ਸਗੋਂ ਲੋਕਾਂ ਨੂੰ ਗੁਮਰਾਹ ਹੀ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਟਿਆਲਾ ਲਈ ਕਰੋਪੀ ਮੰਨੀ ਜਾਂਦੀ ਵੱਡੀ ਤੇ ਛੋਟੀ ਨਦੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਬਣਾ ਦੇਵੇਗੀ, ਇਸ ਲਈ ਪੂਰਾ ਪ੍ਰੋਜੈਕਟ ਬਣਾਇਆ ਗਿਆ ਹੈ। ਉਹ ਅੱਜ ਵੱਡੀ ਤੇ ਛੋਟੀ ਨਦੀ ਦੇ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੌਕੇ 'ਤੇ ਪੁੱਜੇ ਹੋਏ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੇ ਸਾਲ 2023 'ਚ ਆਏ ਹੜ੍ਹ ਤੇ 93-94 ਦੇ ਹੜ੍ਹਾਂ ਤੋਂ ਇਲਾਵਾ ਕਈ ਵਾਰ ਇਨ੍ਹਾਂ ਦੋਵੇਂ ਨਦੀਆਂ ਵੱਲੋਂ ਕੀਤੇ ਗਏ ਨੁਕਸਾਨ ਨੂੰ ਆਪਣੇ 'ਤੇ ਹੰਢਾਇਆ ਹੈ, ਇਹ ਕੁਦਰਤ ਦੀ ਕਰੋਪੀ ਨਾਲੋਂ ਜ਼ਿਆਦਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੁੰਦਾ ਰਿਹਾ ਹੈ ਪਰ ਹੁਣ ਇਸ ਦਾ ਵਿਗਿਆਨਿਕ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਕੀ ਰਾਓ ਜੋ ਚੰਡੀਗੜ੍ਹ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਤੋਂ ਹੁੰਦੇ ਹੋਏ ਪਟਿਆਲਾ ਪੁੱਜਦੀ ਹੈ ਤੇ ਇਸ ਵਿੱਚ ਕਈ ਛੋਟੀਆਂ ਛੋਟੀਆਂ ਹੋਰ ਨਦੀਆਂ ਵੀ ਆਕੇ ਰਲਦੀਆਂ ਹਨ। ਹੁਣ ਇਸ ਦਾ ਪੂਰਾ ਪਲਾਨ ਬਣਾਕੇ ਚੰਡੀਗੜ੍ਹ ਤੋਂ ਪਟਿਆਲਾ ਤੱਕ 15/30 ਫੁੱਟ ਦੇ ਘੱਟੋ ਘੱਟ ਇਕ ਹਜ਼ਾਰ ਖੂਹ ਬਣਾਏ ਜਾਣਗੇ ਤੇ ਜਿਨ੍ਹਾਂ 'ਤੇ ਇੱਟਾਂ ਤੇ ਜਾਲੀ ਲੱਗੀ ਹੋਵੇਗੀ ਤੇ ਇਹ ਇਕ ਖੂਹ ਦੋ ਲੱਖ ਤੋਂ ਪੰਜ ਲੱਖ ਲੀਟਰ ਪਾਣੀ ਪੀਵੇਗਾ, ਜਿਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਹੋਵੇਗਾ ਤੇ ਮਾਨ ਸਰਕਾਰ ਦਾ ਇਹ ਉਪਰਾਲਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪਾਣੀ ਦੀ ਸੌਗਾਤ ਦੇਵੇਗਾ।
ਸਿਹਤ ਮੰਤਰੀ ਨੇ ਆਪਣੇ ਦੌਰੇ ਦੌਰਾਨ ਡੀਅਰ ਪਾਰਕ ਨੇੜੇ ਪਾਣੀ ਨੂੰ ਲੱਗਦੀ ਡਾਫ ਦੇ ਸਥਾਈ ਹੱਲ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਟਿਆਲਾ ਦੀ ਅਰਬਨ ਅਸਟੇਟ, ਫਰੈਡਜ਼ ਕਲੋਨੀ, ਗੋਬਿੰਦ ਨਗਰ, ਚਿਨਾਰ ਬਾਗ, ਤੇਜਪਾਲ ਕਲੋਨੀ ਦੇ ਡੁੱਬਣ ਦਾ ਮੁੱਖ ਕਾਰਨ ਇਥੇ ਲੱਗਣ ਵਾਲੀ ਡਾਫ ਹੈ ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਜਿਨ੍ਹੀ ਸਮਰੱਥਾ ਨਾਲ ਪਾਣੀ ਦੌਲਤਪੁਰ ਹੈੱਡ ਚੋਂ ਨਿਕਲਦਾ ਹੈ, ਉਨ੍ਹੀ ਹੀ ਸਮਰੱਥਾ ਨਾਲ ਡੀਅਰ ਪਾਰਕ ਕੋਲ ਨਿਕਲੇ ਤਾਂ ਜੋ ਪਾਣੀ ਆਸਾਨੀ ਨਾਲ ਅੱਗੇ ਲੰਘ ਸਕੇ ਤੇ ਨੇੜਲੀ ਕਲੋਨੀਆਂ ਨੂੰ ਇਸ ਦੀ ਮਾਰ ਨਾ ਸਹਿਣੀ ਪਵੇ।
ਡਾ. ਬਲਬੀਰ ਸਿੰਘ ਨੇ ਪਟਿਆਲਾ ਵਾਸੀਆਂ ਨੂੰ ਯਕੀਨੀ ਦਿਵਾਉਂਦਿਆਂ ਕਿਹਾ ਕਿ ਪਟਿਆਲਾ ਨੂੰ ਨਾ ਤਾਂ ਹੜ੍ਹਾਂ ਦੀ ਮਾਰ ਪਏਗੀ ਤੇ ਨਾ ਹੀ ਹੜ੍ਹਾਂ ਨੂੰ ਕੁਦਰਤ ਦਾ ਸਰਾਪ ਦੱਸ ਕੇ ਲੋਕਾਂ ਨੂੰ ਗੁਮਰਾਹ ਕਰਕੇ ਨੱਥ ਚੂੜਾ ਚੜ੍ਹਾਉਣ ਵਾਲੇ ਲੀਡਰਾਂ ਦੀ ਮਾਰ ਪਏਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹਾਂ ਤੋਂ ਨਿਜਾਤ ਦਿਵਾਉਣ ਲਈ ਵਿਗਿਆਨਿਕ ਢੰਗ ਅਪਣਾਏ ਜਾ ਰਹੇ ਹਨ, ਜਿਸ ਨਾਲ ਪਟਿਆਲਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੜ੍ਹਾਂ ਦੀ ਸਮੱਸਿਆ ਦਾ ਸਥਾਈ ਛੁਟਕਾਰਾ ਮਿਲੇਗਾ ਤੇ ਕਰੋੜਾਂ ਲੀਟਰ ਪਾਣੀ ਜ਼ਮੀਨ ਥੱਲੇ ਜਮ੍ਹਾਂ ਕਰਕੇ ਉਨ੍ਹਾਂ ਲਈ ਪਾਣੀ ਦੀ ਐਫ.ਡੀ. ਕਰਵਾਵਾਂਗੇ। ਇਸ ਦੌਰਾਨ ਉਨ੍ਹਾਂ ਨਗਰ ਨਿਗਮ ਦੇ ਕੂੜਾ ਪ੍ਰਬੰਧਨ ਪਲਾਂਟ ਦਾ ਵੀ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ, ਪੀ.ਡੀ.ਏ. ਦੇ ਏ.ਸੀ.ਏ. ਜਸ਼ਨਪ੍ਰੀਤ ਕੌਰ, ਡੀ.ਐਫ.ਓ. ਗੁਰਮਨਪ੍ਰੀਤ ਸਿੰਘ, ਐਕਸੀਅਨ ਡਰੇਨੇਜ਼ ਪ੍ਰਥਮ ਗੰਭੀਰ, ਐਸ.ਈ. ਨਗਰ ਨਿਗਮ ਗੁਰਪ੍ਰੀਤ ਵਾਲੀਆ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।