ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਤੇ ਪੱਤਰਕਾਰ ਅਮਰਦੀਪ ਸਿੰਘ ਪਰੋਚਾ ਦੀ ਰਿਹਾਈ ਦੀ ਮੰਗ ਨੂੰ ਲੈਕੇ ਮੁਜ਼ਾਹਰਾ
ਅਸ਼ੋਕ ਵਰਮਾ
ਮਾਨਸਾ, 13 ਜੂਨ 2026 : ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਰਗਰਮ ਟੀਵੀ ਦੇ ਪੱਤਰਕਾਰ ਅਮਰਦੀਪ ਸਿੰਘ ਪਰੋਚਾ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਅਤੇ ਰੀਨਿਊ ਸਪਾ ਸੈਂਟਰ ਦੇ ਮਾਲਕਾਂ ਉੱਪਰ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਲੈ ਕੇ ਜ਼ਿਲ੍ਹਾ ਕਚਹਿਰੀਆਂ ਮਾਨਸਾ ਤੱਕ ਰੋਸ ਮੁਜਾਹਰਾ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਸੀ ਪੀ ਐੱਮ ਐੱਲ ਲਿਬਰੇਸ਼ਨ ਦੇ ਕੰਟਰੋਲ ਕਮਿਸ਼ਨ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ,ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਜ਼ਿਲਾ ਸਕੱਤਰ ਸੁਰਿੰਦਰ ਪਾਲ ਸ਼ਰਮਾ, ਅਜਾਇਬ ਸਿੰਘ ਭੈਣੀ ਬਾਘਾ, ਗਗਨਦੀਪ ਸਿੰਘ ਸਿਰਸੀਵਾਲਾ,ਬੀਕੇਯੂ ਏਕਤਾ ਡਕੌਂਦਾ (ਧਨੇਰ ਗਰੁੱਪ) ਦੇ ਮੱਖਣ ਸਿੰਘ ਭੈਣੀਬਾਘਾ ,ਲਖਵੀਰ ਸਿੰਘ ਅਕਲੀਆ ਬੀ ਕੇ ਯੂ ਡਕੌਂਦਾ (ਬੁਰਜ ਗਿੱਲ ਗਰੁੱਪ)ਦੇ ਮਹਿੰਦਰ ਸਿੰਘ ਭੈਣੀਬਾਘਾ,ਰਾਜ ਅਕਲੀਆ ,ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਦੇ ਬਲਵਿੰਦਰ ਸਿੰਘ ਘਰਾਂਗਣਾ ਅਤੇ ਗੁਰਸੇਵਕ ਮਾਨ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ ਕਲਾਂ, ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਉਂ,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੁਖਜੀਤ ਰਾਮਾਨੰਦੀ ਅਤੇ ਦੀਪਕ ਗੋਇਲ ਮਾਨਸਾ ਆਦਿ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਪੈੜ ਵਿੱਚ ਪੈਰ ਧਰਦਿਆਂ ਮਾਨ ਸਰਕਾਰ ਵੱਲੋਂ ਵੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ,ਬੁੱਧੀਜੀਵੀਆਂ,ਆਰ ਟੀ ਆਈ ਐਕਟੀਵਿਸਟਾਂ ਉੱਪਰ ਪਰਚੇ ਦਰਜ ਕਰਕੇ ਤੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਮਾਨਸਾ ਸ਼ਹਿਰ ਵਿੱਚ ਮੌਜੂਦ ਕੁੱਝ ਸਪਾ ਸੈਂਟਰਾਂ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਨੂੰ ਨੱਥ ਪਾਉਣ ਦੀ ਬਜਾਏ ਪੁਲਿਸ ਵਲੋਂ ਉਲਟਾ ਇਸ ਧੰਦੇ ਦਾ ਪਰਦਾਫਾਸ਼ ਕਰਨ ਵਾਲੇ ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਟੀਵੀ ਚੈਨਲ ਦੇ ਪੱਤਰਕਾਰ ਅਮਰਦੀਪ ਸਿੰਘ ਪਰੋਚਾ ਉੱਪਰ ਹੀ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮਾਨਸਾ ਪੁਲਿਸ ਦੇ ਕੁਝ ਭ੍ਰਿਸ਼ਟ ਅਫਸਰਾਂ ਖਿਲਾਫ ਆਵਾਜ਼ ਉਠਾਉਣ ਬਦਲੇ ਪਰੋਚਾ ਖਿਲਾਫ ਕਾਰਵਾਈ ਕੀਤੀ ਗਈ ਹੈ।ਧਰਨੇ ਵਿੱਚ ਸ਼ਾਮਲ ਸਮੁੱਚੀਆਂ ਜਨਤਕ ਜਥੇਬੰਦੀਆਂ ਨੇਂ ਫੈਸਲਾ ਕੀਤਾ ਕਿ ਪਿੰਡਾਂ ਅੰਦਰ ਐੱਸ ਪੀ ਮਨਮੋਹਨ ਔਲਖ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਅਗਲੇ ਦਿਨਾਂ ਵਿੱਚ ਜ਼ਿਲ੍ਹੇ ਅੰਦਰ ਵੱਡਾ ਇਕੱਠ ਕੀਤਾ ਜਾਵੇਗਾ। ਇਸ ਮੌਕੇ ਐੱਸ ਐੱਸ ਪੀ ਮਾਨਸਾ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
- Download Babushahi App
-
-