ਨਿੱਜੀਕਰਨ ਖ਼ਿਲਾਫ਼ 16 ਜਨਵਰੀ ਦੇ ਸਾਂਝੇ ਧਰਨਿਆਂ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ ਖੇਤ ਮਜ਼ਦੂਰ
ਅਸ਼ੋਕ ਵਰਮਾ
ਚੰਡੀਗੜ੍ਹ,15 ਜਨਵਰੀ 2026 :ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਜ਼ਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਨਿੱਜੀਕਰਨ ਦੇ ਤਾਜ਼ਾ ਕਦਮਾਂ ਖਿਲਾਫ ਐਸ ਕੇ ਐਮ ਅਤੇ ਮਜ਼ਦੂਰ ਮੁਲਾਜ਼ਮ ਤੇ ਠੇਕਾ ਕਾਮਿਆਂ ਦੀਆਂ ਕਰੀਬ 90 ਜਥੇਬੰਦੀਆਂ ਵੱਲੋਂ 16 ਜਨਵਰੀ ਨੂੰ ਪੰਜਾਬ ਭਰ 'ਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ 'ਚ ਉਹਨਾਂ ਦੀ ਜਥੇਬੰਦੀ ਤੇ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਔਰਤਾਂ ਸਮੇਤ ਹਜ਼ਾਰਾਂ ਮਜ਼ਦੂਰ ਸ਼ਮੂਲੀਅਤ ਕਰਨਗੇ।
ਖੇਤ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਹਨਾਂ ਧਰਨਿਆਂ ਦੌਰਾਨ ਮਨਰੇਗਾ ਨੂੰ ਖਤਮ ਕਰਕੇ ਲਿਆਂਦੇ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਨੂੰ ਬਹਾਲ ਕਰਨ, ਮਜ਼ਦੂਰ ਵਿਰੋਧੀ ਚਾਰ ਲੇਬਰ ਕਾਨੂੰਨਾਂ ਦੀ ਵਾਪਸੀ, ਬਿਜਲੀ ਸੋਧ ਬਿੱਲ ਤੇ ਬੀਜ ਬਿੱਲ 2025 ਸਮੇਤ ਨਿੱਜੀਕਰਨ ਦੇ ਕਦਮਾਂ ਨੂੰ ਰੱਦ ਕਰਨ , ਪੰਜਾਬ ਸਰਕਾਰ ਵੱਲੋਂ ਜਨਤਕ ਜਾਇਦਾਦਾਂ ਵੇਚਣ ਦਾ ਫੈਸਲਾ ਵਾਪਸ ਲੈਣ ਅਤੇ ਸਭਨਾਂ ਅਦਾਰਿਆਂ 'ਚ ਹੁਣ ਤੱਕ ਨਿੱਜੀਕਰਨ ਤੇ ਪੰਚਾਇਤੀਕਰਨ ਦੇ ਚੁੱਕੇ ਕਦਮ ਰੱਦ ਕਰਕੇ ਪੱਕੀ ਭਰਤੀ ਦੀ ਨੀਤੀ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ।
ਉਹਨਾਂ ਆਖਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਸਾਮਰਾਜੀ ਮੁਲਕਾਂ ਤੇ ਸੰਸਥਾਵਾਂ ਦੇ ਦਬਾਅ ਹੇਠ ਲੋਕ ਭਲਾਈ ਸਕੀਮਾਂ ਅਤੇ ਸਬਸਿਡੀਆਂ 'ਤੇ ਖ਼ਰਚੇ ਜਾਂਦੇ ਨਿਗੁਣੇ ਬਜਟਾਂ ਨੂੰ ਲਗਾਤਾਰ ਛਾਂਗਣ ਵਾਲੀਆਂ ਨੀਤੀਆਂ ਲਾਗੂ ਕਰਨ ਲਈ ਤੇਜੀ ਨਾਲ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਆਖਿਆ ਕਿ ਇਹਨਾਂ ਨੀਤੀਆਂ ਤਹਿਤ ਹੀ ਕਾਰਪੋਰੇਟ ਘਰਾਣਿਆਂ ਤੇ ਜਾਗੀਰਦਾਰਾਂ ਨੂੰ ਸਸਤੀ ਲੇਬਰ ਮੁੱਹਈਆ ਕਰਵਾਉਣ ਦੇ ਖੋਟੇ ਮਨਸੂਬਿਆਂ ਤਹਿਤ ਹੀ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਲਿਆਂਦਾ ਗਿਆ ਹੈ ਅਤੇ ਲੇਬਰ ਕਾਨੂੰਨਾਂ ਤਹਿਤ ਮਜ਼ਦੂਰ ਵਰਗ ਨੂੰ ਮਿਲਦੀ ਸੁਰੱਖਿਆ ਨੂੰ ਚਾਰ ਲੇਬਰ ਕੋਡ ਲਿਆ ਕੇ ਖਤਮ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਦੇਸੀ ਵਿਦੇਸੀ ਕਾਰਪੋਰੇਟਾਂ ਨੂੰ ਲਾਭ ਪੁਚਾਉਣ ਦੇ ਲਈ ਧੜਾ ਧੜ ਪੁਰਾਣੇ ਕਾਨੂੰਨਾਂ 'ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਮਜ਼ਦੂਰ ਆਗੂਆਂ ਨੇ ਦਾਅਵਾ ਕੀਤਾ ਕਿ 16 ਜਨਵਰੀ ਦੇ ਪ੍ਰਦਰਸ਼ਨਾਂ 'ਚ ਦਹਿ ਹਜ਼ਾਰਾਂ ਕਿਸਾਨ, ਮਜ਼ਦੂਰ, ਮੁਲਾਜ਼ਮ, ਔਰਤਾਂ, ਨੌਜਵਾਨ, ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।