ਨਸ਼ਾ ਤਸਕਰਾਂ ਵਿਰੁੱਧ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ; ਅਫ਼ੀਮ-ਭੁੱਕੀ ਸਮੇਤ ਡਰੱਗ ਸਮੱਗਲਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 25 ਫਰਵਰੀ, 2026- ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਵਿੱਢੀ ਗਈ 'ਨਸ਼ਿਆਂ ਵਿਰੁੱਧ ਜੰਗ' ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਇੱਕ ਕੈਂਟਰ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ। ਪੁਲਿਸ ਨੇ ਮੌਕੇ 'ਤੇ ਕੈਂਟਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸਦੇ ਦੋ ਸਾਥੀ ਅਜੇ ਫਰਾਰ ਹਨ।
ਗੁਪਤ ਸੂਚਨਾ ਦੇ ਆਧਾਰ 'ਤੇ ਹੋਈ ਕਾਰਵਾਈ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਥਾਣਾ ਮੋਤੀ ਨਗਰ ਦੇ ਮੁੱਖ ਅਫਸਰ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸ਼ਿਵ ਚੌਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਖ਼ੁਫ਼ੀਆ ਇਤਲਾਹ ਮਿਲੀ ਕਿ ਇੱਕ ਲੇਲੈਂਡ ਕੈਂਟਰ (ਨੰਬਰ PB-13BK-7492), ਜੋ ਕਿ ਖਾਲੀ ਪਲਾਸਟਿਕ ਦੀਆਂ ਬੋਤਲਾਂ ਨਾਲ ਭਰਿਆ ਹੋਇਆ ਹੈ, ਵਿੱਚ ਭਾਰੀ ਮਾਤਰਾ ਵਿੱਚ ਨਸ਼ਾ ਲੁਕਾ ਕੇ ਲੁਧਿਆਣਾ ਲਿਆਂਦਾ ਜਾ ਰਿਹਾ ਹੈ।
ਬਰਾਮਦਗੀ ਅਤੇ ਗ੍ਰਿਫਤਾਰੀ
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟ੍ਰਾਂਸਪੋਰਟ ਨਗਰ ਕੋਲ ਕੈਂਟਰ ਨੂੰ ਘੇਰ ਲਿਆ। ਸਹਾਇਕ ਕਮਿਸ਼ਨਰ ਪੁਲਿਸ (ਏ.ਸੀ.ਪੀ.) ਇੰਡਸਟਰੀ ਏਰੀਆ-ਏ, ਇੰਦਰਜੀਤ ਸਿੰਘ ਦੀ ਮੌਜੂਦਗੀ ਵਿੱਚ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਕੈਬਿਨ ਵਿੱਚ ਛੁਪਾ ਕੇ ਰੱਖੀ: 5 ਕਿੱਲੋ 60 ਗ੍ਰਾਮ ਅਫ਼ੀਮ 30 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ।
ਪੁਲਿਸ ਨੇ ਮੌਕੇ 'ਤੇ ਡਰਾਈਵਰ ਜਗਮੇਲ ਸਿੰਘ ਉਰਫ਼ ਹੈਪੀ (42) ਵਾਸੀ ਪਿੰਡ ਬਲਾੜਾ, ਸਮਰਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ।ਥਾਣਾ ਮੋਤੀ ਨਗਰ ਵਿਖੇ ਦੋਸ਼ੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ (NDPS Act) ਦੀਆਂ ਧਾਰਾਵਾਂ 15, 18, 29/61/85 ਤਹਿਤ ਮੁਕੱਦਮਾ ਨੰਬਰ 55 ਦਰਜ ਕੀਤਾ ਗਿਆ ਹੈ।
ਤਸਕਰੀ ਦਾ ਨੈੱਟਵਰਕ: ਬਾਹਰਲੇ ਸੂਬਿਆਂ ਤੋਂ ਲਿਆਉਂਦੇ ਸਨ ਨਸ਼ਾ
ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਨਸ਼ਾ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ 'ਤੇ ਲਿਆ ਕੇ ਲੁਧਿਆਣਾ ਵਿੱਚ ਮਹਿੰਗੇ ਭਾਅ 'ਤੇ ਵੇਚਿਆ ਜਾਣਾ ਸੀ। ਇਸ ਰੈਕੇਟ ਵਿੱਚ ਕੈਂਟਰ ਦਾ ਮਾਲਕ ਤਰੁਨਪ੍ਰੀਤ ਸਿੰਘ ਅਤੇ ਉਸਦਾ ਰਿਸ਼ਤੇਦਾਰ (ਚਾਚਾ-ਭਤੀਜਾ) ਹੈਪੀ, ਦੋਵੇਂ ਵਾਸੀ ਪਿੰਡ ਟਿੱਬਾ, ਵੀ ਸ਼ਾਮਲ ਹਨ। ਡਰਾਈਵਰ ਜਗਮੇਲ ਸਿੰਘ ਪਿਛਲੇ 3 ਮਹੀਨਿਆਂ ਤੋਂ ਇਨ੍ਹਾਂ ਕੋਲ ਕੰਮ ਕਰ ਰਿਹਾ ਸੀ।ਪੁਲਿਸ ਅਧਿਕਾਰੀ, ਥਾਣਾ ਮੋਤੀ ਨਗਰ ਨੇ ਦੱਸਿਆ ਕਿ " ਅਸੀਂ ਦੋਸ਼ੀ ਜਗਮੇਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤਾਂ ਜੋ ਇਸ ਨੈੱਟਵਰਕ ਦੀਆਂ ਹੋਰ ਕੜੀਆਂ ਨੂੰ ਫਰੋਲਿਆ ਜਾ ਸਕੇ। ਫਰਾਰ ਦੋਸ਼ੀ ਤਰੁਨਪ੍ਰੀਤ ਅਤੇ ਹੈਪੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।"
Click to Follow Babushahi Facebook page →