ਨਨਕਾਣਾ ਸਾਹਿਬ ਵਾਲਾ ਜੰਡ ਸਾਨੂੰ ਅੱਜ ਵੀ ਕੁਰਬਾਨੀਆਂ ਦਾ ਇਤਿਹਾਸ ਸੁਣਾਉਂਦਾ ਹੈ- ਗੁਰਭਜਨ ਗਿੱਲ
ਲਾਹੌਰਃ 22 ਜਨਵਰੀ 2025 - ਵਿਸ਼ਵ ਪੰਜਾਬੀ ਕਾਨਫਰੰਸ ਲਈ ਲਾਹੌਰ ਆਏ ਵਫ਼ਦ ਦੇ ਮੈਂਬਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗੁਰੂ ਨਾਨਕ ਦੇਵ ਜੀ ਜੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਨਤਮਸਤਕ ਹੁੰਦਿਆਂ ਕਿਹਾ ਹੈ ਕਿ ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਨੂੰ ਗੁਰਦੁਆਰਾ ਪ੍ਰਬੰਧ ਵਿੱਚੋਂ ਕੱਢ ਕੇ ਜਿਵੇਂ ਸਿੱਖ ਕੌਮ ਨੇ ਗੁਰਦੁਆਰਾ ਸੁਧਾਰ ਲਹਿਰ ਦਾ ਕਾਰਜ ਕੀਤਾ, ਅੱਜ ਵੀ ਅਨੇਕ ਕੁਰੀਤੀਆਂ ਤੋਂ ਗੁਰੂ ਘਰਾਂ ਨੂੰ ਮੁਕਤ ਕਰਾਉਣ ਦੀ ਲੋੜ ਹੈ।
ਪ੍ਰੋ. ਗਿੱਲ ਨੇ ਕਿਹਾ ਕਿ ਨਨਕਾਣਾ ਸਾਹਿਬ ਗੁਰਦੁਆਰਾ ਚਾਰ ਦੀਵਾਰੀ ਅੰਦਰ ਖੜ੍ਹਾ ਜੰਡ ਦਾ ਬਿਰਖ ਸਾਨੂੰ ਅੱਜ ਵੀ ਇੱਕ ਸਦੀ ਪਹਿਲਾਂ ਦਾ ਇਤਿਹਾਸ ਸੁਣਾਉਂਦਾ ਜਾਪਦਾ ਹੈ ਕਿ ਕਿਵੇਂ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਭਾਈ ਦਲੀਪ ਸਿੰਘ ਚੀਮਾ ਸਾਹੋਵਾਲਾ ਨੇ ਕੁਰਬਾਨੀਆਂ ਦੇ ਕੇ ਇਤਿਹਾਸ ਦਾ ਨਵਾਂ ਕਾਂਡ ਲਿਖਿਆ।
ਇਸ ਮੌਕੇ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਜੀ ਦੀ ਬੇਟੀ ਡੌਲੀ ਗੁਲੇਰੀਆ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਾਇਨ ਕੀਤਾ। ਬਾਬਾ ਗਰੁੱਪ ਦੇ ਹਸਨੈਨ ਅਕਬਰ ਤੇ ਸੁਰੀਲੀ ਗਾਇਕਾ ਅਨਮੋਲ ਫਾਤਿਮਾ ਨੇ ਸੂਫ਼ੀ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਯਾ ਸਿੰਘ,ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ ਦਲਬੀਰ ਸਿੰਘ ਕਥੂਰੀਆ, ਸਰਪ੍ਰਸਤ ਇੰਦਰਜੀਤ ਸਿੰਘ ਬੱਲ(ਟੋਰੰਟੋ) ਮਿੰਟੂ ਬਰਾੜ (ਆਸਟਰੇਲੀਆ) ਡਾਃ ਸ਼ਿੰਗਾਰਾ ਸਿੰਘ ਢਿੱਲੋ(ਯੂ ਕੇ) ਅਲੀ ਉਸਮਾਨ ਬਾਜਵਾ, ਮੀਆਂ ਆਸਿਫ਼ ਅਲੀ , ਰਾਣਾ ਜੱਬਾਰ, ਇਰਫ਼ਾਨ ਮੁਗ਼ਲ, ਇਕਬਾਲ ਬਾਜਵਾ, ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।