ਧੂਰੀ ਹਲਕੇ 'ਚ ਵੱਡੀ ਪੱਧਰ ’ਤੇ ਚੱਲ ਰਹੇ ਵਿਕਾਸ ਕੰਮਾਂ ਨਾਲ ਮਿਸਤਰੀਆਂ ਤੇ ਲੇਬਰ ਦੀ ਮੰਗ 'ਚ ਹੋਇਆ ਵਾਧਾ
*ਨਿਰਮਾਣ ਖੇਤਰ ਨਾਲ ਜੁੜੇ ਲੋਕਾਂ ਲਈ ਧੂਰੀ ਹਲਕੇ 'ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ*
*ਬਿਨ੍ਹਾਂ ਪੱਖਪਾਤ ਮਾਨ ਸਰਕਾਰ ਕਰ ਰਹੀ ਹੈ ਪਿੰਡਾਂ ਦਾ ਵਿਕਾਸ : ਸਰਪੰਚ ਅਮਨਦੀਪ ਕੌਰ*
ਧੂਰੀ, 16 ਜਨਵਰੀ:
ਧੂਰੀ ਹਲਕੇ ਅੰਦਰ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਸਦਕਾ ਇਹ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਸੜਕਾਂ, ਗਲੀਆਂ, ਨਾਲੀਆਂ, ਸਟਰੀਟ ਲਾਈਟਾਂ, ਡਰੇਨਜ ਪ੍ਰਣਾਲੀ, ਸਰਕਾਰੀ ਇਮਾਰਤਾਂ, ਕਮਿਊਨਿਟੀ ਹਾਲ ਅਤੇ ਹੋਰ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ’ਤੇ ਲਗਾਤਾਰ ਕੰਮ ਚੱਲ ਰਹੇ ਹਨ, ਜਿਸ ਸਦਕਾ ਹਲਕੇ ਵਿੱਚ ਮਿਸਤਰੀਆਂ ਅਤੇ ਲੇਬਰ ਦੀ ਮੰਗ ਕਾਫ਼ੀ ਵੱਧ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ ਧੂਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਾ ਲਾਭ ਬਿਨਾਂ ਕਿਸੇ ਦੇਰੀ ਦੇ ਮਿਲ ਸਕੇ। ਉਨ੍ਹਾਂ ਕਿਹਾ ਕਿ ਧੂਰੀ ਹਲਕੇ ਵਿੱਚ ਪਿਛਲੇ ਕਈ ਸਾਲਾਂ ਨਾਲੋਂ ਕਿਤੇ ਵੱਧ ਪੱਧਰ ’ਤੇ ਵਿਕਾਸ ਕੰਮ ਚੱਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਨਿਰਮਾਣ ਕਾਰਜ ਇਕੱਠੇ ਚੱਲਣ ਕਾਰਨ ਸਥਾਨਕ ਹੀ ਨਹੀਂ, ਸਗੋਂ ਨੇੜਲੇ ਇਲਾਕਿਆਂ ਤੋਂ ਵੀ ਮਿਸਤਰੀਆਂ ਅਤੇ ਮਜ਼ਦੂਰਾਂ ਦੀ ਮੰਗ ਵਧੀ ਹੈ। ਇਸ ਨਾਲ ਨਿਰਮਾਣ ਖੇਤਰ ਨਾਲ ਜੁੜੇ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ ਅਤੇ ਹਲਕੇ ਦੀ ਆਰਥਿਕ ਗਤੀਵਿਧੀਆਂ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਉਹਨਾਂ ਦੱਸਿਆ ਕਿ ਕਈ ਪਿੰਡਾਂ ਵਿੱਚ ਲੇਬਰ ਰਾਜਸਥਾਨ, ਮੱਧ ਪ੍ਰਦੇਸ਼ ਤੇ ਹਰਿਆਣਾ ਤੋਂ ਵੀ ਲਿਆਂਦੀ ਗਈ ਹੈ ਤਾਂ ਜੋ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਰਹੇ।
ਧੂਰੀ ਹਲਕੇ ਦੇ ਪਿੰਡ ਬਨਭੌਰੀ ਦੇ ਸਰਪੰਚ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਆਜ਼ਾਦ ਤੌਰ ਉੱਤੇ ਜਿੱਤਕੇ ਪਿੰਡ ਦੇ ਸਰਪੰਚ ਬਣੇ ਹਨ, ਪਰ ਪੰਜਾਬ ਸਰਕਾਰ ਨੇ ਬਿਨ੍ਹਾਂ ਕਿਸੇ ਪੱਖਪਾਤ ਦੇ ਪਿੰਡ ਨੂੰ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਹਨ, ਜਿਸ ਸਦਕਾ 7.50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਪਿੰਡ ਵਿੱਚ 10 ਲੱਖ ਦੀ ਲਾਗਤ ਨਾਲ 60-60 ਫੁੱਟ ਉੱਤੇ ਐਲ.ਈ.ਡੀ. ਸੋਲਰ ਲਾਈਟਾਂ ਲਗਾਈਆਂ ਗਈਆਂ ਹਨ।
ਇਸ ਤੋਂ ਇਲਾਵਾ 10 ਲੱਖ ਰੁਪਏ ਦੀ ਲਾਗਤ ਨਾਲ ਆਂਗਣਵਾੜੀ ਦੀ ਬਿਲਡਿੰਗ ਬਣਾਈ ਗਈ ਹੈ। ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਨਾਲ ਮਿਲਣੀ ਦੌਰਾਨ ਪਿੰਡ ਵਿੱਚ ਸਟੇਡੀਅਮ ਬਣਾਉਣ ਲਈ ਕਿਹਾ ਗਿਆ ਸੀ ਜਿਸ ਲਈ 50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਹਨ।
ਇਸ ਤੋਂ ਇਲਾਵਾ ਹੋਰ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਇਹ ਸਮਾਂ ਮਜ਼ਦੂਰ ਵਰਗ, ਮਿਸਤਰੀਆਂ ਤੇ ਤਕਨੀਕੀ ਕਾਰੀਗਰਾਂ ਲਈ ਸੁਨਹਿਰਾ ਮੌਕਾ ਹੈ ਕਿ ਉਹ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨਾਲ ਜੁੜ ਕੇ ਸਥਾਈ ਅਤੇ ਆਦਰਯੋਗ ਰੁਜ਼ਗਾਰ ਹਾਸਲ ਕਰਨ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਪੰਚਾਇਤਾਂ ਵੱਲੋਂ ਸਾਰੇ ਵਿਕਾਸ ਕੰਮ ਨਿਰਧਾਰਤ ਸਮੇਂ ਅੰਦਰ, ਪੂਰੀ ਪਾਰਦਰਸ਼ਿਤਾ ਅਤੇ ਉੱਚ ਗੁਣਵੱਤਾ ਨਾਲ ਪੂਰੇ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਇਹ ਰਫ਼ਤਾਰ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ, ਜਿਸ ਨਾਲ ਧੂਰੀ ਹਲਕਾ ਵਿਕਾਸ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਇਕ ਨਵੀਂ ਮਿਸਾਲ ਕਾਇਮ ਕਰੇਗਾ।