ਦਵਿੰਦਰ ਕੁਮਾਰ ਬਾਸਕਟਬਾਲ ਕੋਚ ਦੀ ਯਾਦ ਵਿੱਚ ਹੋਇਆ ਪਹਿਲਾ ਓਪਨ ਬਾਸਕਟਬਾਲ ਟੂਰਨਾਮੈਂਟ
- ਜੇਤੂ ਟਰਾਫੀ ਤੇ ਸੀਨੀਅਰ ਟੀਮ ਵਿਚ ਐਸ ਐਸ ਐਮ ਕਾਲਜ ਦੀਨਾਨਗਰ ਅਤੇ ਜੂਨੀਅਰ ਟੀਮ ਵਿਚ ਗੁਰਦਾਸਪੁਰ ਗਰਲਜ ਸਕੂਲ ਨੇ ਕੀਤਾ ਕਬਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ 18 ਮਈ 2025 - ਪਿਛਲੇ ਸਾਲ ਅਚਾਨਕ ਅਕਾਲ ਚਲਾਣਾ ਕਰ ਗਏ ਬਾਸਕਟਬਾਲ ਕੋਚ ਦਵਿੰਦਰ ਕੁਮਾਰ ਦੀ ਯਾਦ ਵਿੱਚ ਸਾਬਕਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਬਾਸਕਟਬਾਲ ਖਿਡਾਰਣਾਂ ਵਲੋਂ ਪਹਿਲਾ ਬਾਸਕਟਬਾਲ ਟੂਰਨਾਮੈਂਟ ਸਥਾਨਕ ਪੀ ਐਮ ਸ੍ਰੀ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੀਆਂ 6 ਟੀਮਾਂ ਨੇ ਭਾਗ ਲਿਆ। ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮ ਲਈ 5100 ਰੁਪਏ ਅਤੇ ਉਪ ਜੇਤੂ ਲਈ 3100 ਰੁਪਏ ਅਤੇ ਟਰਾਫ਼ੀ ਦੇਣ ਦਾ ਐਲਾਨ ਕੀਤਾ ਸੀ। ਵੱਡੀ ਗਿਣਤੀ ਵਿੱਚ ਪੁਜੀਆਂ ਸੀਨੀਅਰ ਖਿਡਾਰਣਾਂ ਵਲੋਂ ਇਸ ਗਰਾਊਂਡ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਗੁਰਦਾਸਪੁਰ ਦੀ ਬਾਸਕਟਬਾਲ ਮੁੜ ਆਪਣੇ ਪੈਰਾਂ ਤੇ ਖੜੀ ਹੋ ਕੇ ਸ਼ਹਿਰ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਂਮ ਰੋਸਣ ਕਰੇ। ਇਸ ਮੌਕੇ ਉਨ੍ਹਾਂ ਨਾਲ ਲੰਮਾ ਸਮਾਂ ਇਕੱਠੇ ਕੰਮ ਕਰਨ ਵਾਲੇ ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਦਵਿੰਦਰ ਕੁਮਾਰ ਨੇ ਦਿਨ ਰਾਤ ਇੱਕ ਕਰਕੇ ਗੁਰਦਾਸਪੁਰ ਦੀ ਬਾਸਕਟਬਾਲ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਹੈ। ਉਹਨਾਂ ਦੀ ਮੌਤ ਤੋਂ ਬਾਅਦ ਪਏ ਖ਼ਲਾਅ ਨੂੰ ਭਰਨ ਲਈ ਇਹੋ ਇਕੋ ਇਕ ਹੱਲ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਾਸਕਟਬਾਲ ਸੈਂਟਰ ਨੂੰ ਸੁਰਜੀਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਸੰਸਕਾਰ ਦੇਣੇ ਹਨ।
ਭਰ ਗਰਮੀ ਅਤੇ ਗਮਗੀਨ ਮਾਹੌਲ ਵਿਚ ਲੜਕੀਆਂ ਦੇ ਮੈਚਾਂ ਦੌਰਾਨ ਵਿਆਹ ਵਰਗਾ ਮਾਹੌਲ ਇਸ ਗੱਲ ਦਾ ਪ੍ਰਤੀਕ ਹੋ ਨਿਬੜਿਆ ਕਿ ਭਾਵੇਂ ਕੁਝ ਵੀ ਹੋਵੇ ਸੋਅ ਜਾਰੀ ਰਹਿਣਾ ਚਾਹੀਦਾ ਹੈ । ਜੂਨੀਅਰ ਟੀਮ ਵਿਚ ਪੀ ਐਮ ਸ੍ਰੀ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਨੇ 5100 ਰੁਪਏ ਅਤੇ ਗੋਲਡ ਮੈਡਲ, ਅਦਵੈਤ ਪਬਲਿਕ ਸਕੂਲ ਨੇ 3100 ਰੁਪਏ ਅਤੇ ਸਿਲਵਰ ਮੈਡਲ ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਤੀਜੇ ਸਥਾਨ ਤੇ ਆਇਆ। ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਐਸ ਐਸ ਐਮ ਕਾਲਜ ਦੀਨਾਨਗਰ ਪਹਿਲੇ ਸਥਾਨ ਤੇ, ਐਸ ਡੀ ਕਾਲਜ ਗੁਰਦਾਸਪੁਰ ਦੂਜੇ ਅਤੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਤੀਜੇ ਸਥਾਨ ਤੇ ਆਇਆ। ਇਹ ਵਰਨਣਯੋਗ ਹੈ ਕਿ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਕਿਰਨ ਕੁਮਾਰੀ ਅਤੇ ਬੇਟੀਆਂ ਨੇ ਮੈਚ ਅਰੰਭ ਕਰਵਾਇਆ ਅਤੇ ਇਸ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਮੈਡਮ ਅਨੀਤਾ ਕੁਮਾਰੀ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਨੇ ਕੀਤੀ । ਉਹਨਾਂ ਭਰੋਸਾ ਦਿਵਾਇਆ ਕਿ ਸਿਖਿਆ ਵਿਭਾਗ ਵੱਲੋਂ ਬਾਸਕਟਬਾਲ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।
ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੀਆਂ ਸਾਬਕਾ ਬਾਸਕਟਬਾਲ ਖਿਡਾਰਣਾਂ ਵਰਸ਼ਾ ਗੁਪਤਾ, ਵਿਜੇਤਾ, ਸੁਮਨ ਗਿੱਲ, ਰਜਨੀ, ਅਵਨੀਤ ਕੌਰ, ਰੀਟਾ, , ਰਮਨ ਪੂਜਾ, ਸਾਕਸ਼ੀ, ਬਖਸ਼ਿੰਦਰ , ਸਿਮੀ ਘੁਰਾਲਾ, ਨੀਤੂ ਗੁਰਪ੍ਰੀਤ ਕੌਰ, ਸਾਂਵਲੀ ਅਰੁਣਾ, ਹਰਜੀਤ ਕੌਰ ਆਪਣੀ ਭਾਵਨਾਵਾਂ ਸਾਂਝੀਆਂ ਕੀਤੀਆਂ ਅਤੇ ਇੱਕ ਪ੍ਰਦਰਸ਼ਨੀ ਮੈਚ ਦਿਖਾ ਕੇ ਆਪਣੀ 15 ਸਾਲ ਪੁਰਾਣਾ ਜਲੋਅ ਨਾਲ ਦਰਸ਼ਕਾਂ ਦੀ ਵਾਹ ਵਾਹ ਖੱਟੀ। ਇਹਨਾਂ ਤੋਂ ਇਲਾਵਾ ਹਰਦੀਪ ਕੁਮਾਰ, ਮੈਡਮ ਵੀਨਾ ਸ਼ਰਮਾ ਮੈਡਮ ਮਨਜੀਤ ਕੌਰ, ਅਤੁਲ ਕੁਮਾਰ ਅਸ਼ੋਕ ਕੁਮਾਰ, ਸੁਨੀਲ ਅੱਤਰੀ , ਸੁਖਪਾਲ ਸਿੰਘ ,ਹਰਿੰਦਰ ਬੱਬਾ,ਦੀਪਕ ਬੱਬੂ ਭੁਪਿੰਦਰ ਸਿੰਘ ਹਾਜ਼ਰ ਸਨ।