ਡਾ. ਸ਼ੈਲੀ ਵੱਲੋਂ ਚਮੜੀ ਦੇ ਕੈਂਸਰ ਦੀ ਜਲਦੀ ਤੇ ਸੁਰੱਖਿਅਤ ਢੰਗ ਨਾਲ਼ ਪਛਾਣ ਦੀ ਵਿਧੀ ਬਾਰੇ ਕੀਤੀ ਗਈ ਖੋਜ
ਡਾ. ਸ਼ੈਲੀ ਨੇ ਜਗਰਾਉਂ ਅਤੇ ਬਾਂਸਲ ਪਰਿਵਾਰ ਦਾ ਨਾਮ ਕੀਤਾ ਰੌਸ਼ਨ
ਜਗਰਾਉਂ, 27 ਮਾਰਚ (ਦੀਪਕ ਜੈਨ) : ਜਗਰਾਉਂ ਸ਼ਹਿਰ ਦੇ ਨਾਮਵਰ ਬਾਂਸਲ ਪਰਿਵਾਰ ਅਜੈ ਬਾਂਸਲ ਦੀ ਨੂੰਹ ਅਤੇ ਕਰਨ ਬਾਂਸਲ ਦੀ ਧਰਮ ਪਤਨੀ ਡਾਕਟਰ ਸ਼ੈਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਇੱਕ ਖੋਜ ਰਾਹੀਂ ਚਮੜੀ ਦੇ ਕੈਂਸਰ ਦੀਆਂ ਕਿਸਮਾਂ ਦੀ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਪਛਾਣ ਕੀਤੇ ਜਾਣ ਦੀ ਵਿਧੀ ਲੱਭਣ ਵੱਲ ਅਹਿਮ ਕਦਮ ਪੱਟਿਆ ਗਿਆ ਹੈ। ਯੂਨੀਵਰਸਿਟੀ ਦੇ ਇਲੈਕਟਰਾਨਿਕ ਅਤੇ ਕਮਿਊਨੀਕੇਸ਼ਨਜ਼ ਵਿਭਾਗ ਵਿਖੇ ਡਾ. ਬਾਲ ਕ੍ਰਿਸ਼ਨ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਸ਼ੈਲੀ ਨੇ ਡਰਮੋਸਕੋਪਿਕ ਡਿਜੀਟਲ ਚਿੱਤਰਾਂ ਵਿੱਚ ਚਮੜੀ ਦੇ ਕੈਂਸਰ ਦਾ ਪਤਾ ਲਗਾਉਣ ਬਾਰੇ ਖੋਜ ਕੀਤੀ ਹੈ। ਇਸ ਖੋਜ ਨਾਲ ਸਬੰਧਤ ਚਾਰ ਖੋਜ-ਪੱਤਰ ਐੱਸ.ਸੀ.ਆਈ. ਇੰਡੈਕਸਡ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਣ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਚਾਰ ਖੋਜ-ਪੱਤਰ ਪੇਸ਼ ਕੀਤੇ ਜਾ ਚੁੱਕੇ ਹਨ। ਡਾ. ਸ਼ੈਲੀ ਨੇ ਦੱਸਿਆ ਕਿ ਉਸ ਦੀ ਖੋਜ ਚਮੜੀ ਦੇ ਕੈਂਸਰ ਦੀਆਂ ਕਿਸਮਾਂ ਦਾ ਪਤਾ ਲਗਾਉਣ ਲਈ ਬੇਲੋੜੇ ਬਾਇਓਪਸੀ ਟੈਸਟ ਨੂੰ ਘੱਟ ਕਰਨ ਹਿਤ ਡਰਮੋਸਕੋਪਿਕ ਇਮੇਜਿੰਗ ਦੀ ਵਰਤੋਂ ਕਰਨ ਬਾਰੇ ਹੈ ਤਾਂ ਕਿ ਬਿਮਾਰੀ ਲੱਭਣ (ਡਾਇਗਨੇਜ਼ ਕਰਨ) ਦੇ ਹੋਰ ਵਧੇਰੇ ਉਚਿੱਤ ਅਤੇ ਸੁਰੱਖਿਅਤ ਢੰਗ ਵਿਕਸਤ ਕੀਤੇ ਜਾ ਸਕਣ। । ਉਨ੍ਹਾਂ ਦੱਸਿਆ ਕਿ ਉਸ ਦਾ ਅਧਿਐਨ ਰੋਗ ਪਛਾਣੇ ਜਾਣ ਦੀ ਸ਼ੁੱਧਤਾ (ਡਾਇਗਨੌਸਟਿਕ ਅੱਕਰੇਸੀ) ਨੂੰ ਬਿਹਤਰ ਬਣਾਉਣ ਲਈ ਉੱਚ-ਪੱਧਰੀ ਸਿਖਲਾਈ ਅਧਾਰਤ ਤਕਨੀਕਾਂ ਦੀ ਵਰਤੋਂ ਕਰਨ ਉੱਤੇ ਕੇਂਦਰਿਤ ਹੈ। ਉਨ੍ਹਾਂ ਦੱਸਿਆ ਕਿ ਚਮੜੀ ਦੇ ਹਰ ਤਰ੍ਹਾਂ ਦੇ ਕੈਂਸਰ ਵਿੱਚ ਜਲਦੀ ਦਖ਼ਲ ਦਿੱਤੇ ਜਾਣ ਦੀ ਲੋੜ ਹੁੰਦੀ ਹੈ। ਇਸ ਲਈ ਇਸ ਰੋਗ ਨੂੰ ਜਲਦੀ ਅਤੇ ਸਪਸ਼ਟਤਾ ਰਹੀ ਸੁਰੱਖਿਅਤ ਤਕਨੀਕਾਂ ਨਾਲ ਲੱਭਦਿਆਂ ਇਸ ਦੀ ਵਧ ਰਹੀ ਮੌਤ ਦਰ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਖੋਜ ਕਾਰਜ ਅਜਿਹੇ ਸਵੈਚਾਲਿਤ ਸੁਰੱਖਿਅਤ ਡਾਇਗਨੋਸਟਿਕ ਟੂਲ ਵਿਕਸਤ ਕਰਨ ਵਿੱਚ ਯੋਗਦਾਨ ਪਾਉਂਦਾ ਹੈ ਜੋ ਡਾਕਟਰੀ ਪੇਸ਼ੇਵਰਾਂ ਨੂੰ ਸ਼ੁਰੂਆਤੀ ਪੜਾਅ ਉੱਤੇ ਰੋਗ ਲੱਭਣ ਅਤੇ ਇਲਾਜ ਵਿੱਚ ਸਹਾਇਤਾ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਚਮੜੀ ਦੇ ਕੈਂਸਰ ਦੀ ਬਿਮਾਰੀ ਲਗਾਤਾਰ ਵੱਧ ਰਹੀ ਹੈ ਅਤੇ ਹਰ ਸਾਲ 1% ਦੀ ਦਰ ਨਾਲ ਵਾਧਾ ਹੋ ਰਿਹਾ ਹੈ।
ਡਾਕਟਰ ਸ਼ੈਲੀ ਨੂੰ ਸੇਧ ਦੇਣ ਵਾਲੇ ਡਾ. ਬਾਲ ਕ੍ਰਿਸ਼ਨ ਨੇ ਦੱਸਿਆ ਕਿ ਇਹ ਅਧਿਐਨ ਚਮੜੀ ਦੇ ਜਖਮਾਂ ਦੀ ਪਛਾਣ ਲਈ ਇੱਕ ਨਿਪੁੰਨ ਸਿਖਲਾਈ ਅਧਾਰਤ ਵਿਧੀ ਪੇਸ਼ ਕਰਦਾ ਹੈ। ਇਸ ਪਹੁੰਚ ਵਿੱਚ ਪ੍ਰੀ ਪ੍ਰਸੈਸਿੰਗ, ਸੈਗਮੈਂਟੇਸ਼ਨ ਫੀਚਰ ਐਕਸਟਰੈਕਸ਼ਨ, ਚੋਣ ਅਤੇ ਵਰਗੀਕਰਨ ਸ਼ਾਮਲ ਹੈ। ਹਰੇਕ ਕਦਮ ਨੂੰ ਬਿਹਤਰ ਸ਼ੁੱਧਤਾ ਲਈ ਅਨੁਕੂਲ ਬਣਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਇਹ ਹਾਈਬ੍ਰਿਡ ਪਹੁਂਚ ਚਮੜੀ ਦੇ ਜਖਮਾਂ ਦੇ ਵਰਗੀਕਰਨ ਦੀ ਸ਼ੁੱਧਤਾ ਨੂੰ ਵਧਾਉਂਦੇ ਹੋਏ ਕੰਪਿਉਟੇਸ਼ਨਲ ਜਟਿਲਤਾ ਨੂੰ ਘਟਾਉਂਦੀ ਹੈ।ਉਨ੍ਹਾਂ ਦੱਸਿਆ ਕਿ ਖੋਜ ਰਾਹੀਂ ਆਈ. ਐੱਸ. ਆਈ. ਸੀ. ਲਈ 99.62% ਸ਼ੁੱਧਤਾ ਅਤੇ ਪੀ. ਐਚ.2 ਡੇਟਾਸੈੱਟ ਲਈ 99.98% ਪ੍ਰਾਪਤ ਹੋਈ ਹੈ। ਇਥੇ ਇਹ ਦੱਸਣ ਯੋਗ ਹੈ ਕਿ ਡਾਕਟਰ ਸ਼ੈਲੀ ਪੰਜਾਬ ਦੇ ਮਲੋਟ ਜਿਲੇ ਨਾਲ ਸੰਬੰਧਿਤ ਨੇ ਇਸ ਮੌਕੇ ਉਹ ਅਮੇਟੀ ਯੂਨੀਵਰਸਟੀ (ਗੁੜਗਾਉ) ਦੇ ਸਾਇੰਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
Click to Follow Babushahi Facebook page →