ਡਰੱਗ ਚੇਨ ਤੋੜੋ ਹੁਣ ਪੰਜਾਬ ਹੋਰ ਇੰਤਜ਼ਾਰ ਨਹੀਂ ਕਰ ਸਕਦਾ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਲੁਧਿਆਣਾ 5 ਦਸੰਬਰ 2025: ਕੌਮੀਂ ਭਾਜਪਾ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਕਿਹਾ ਕਿ ਅੱਜ ਪੰਜਾਬ ਇਤਿਹਾਸਕ ਮੋੜ ‘ਤੇ ਖੜਾ ਹੈ ਜਿਥੇ ਸਾਡੇ ਨੌਜਵਾਨਾਂ ਦਾ ਭਵਿੱਖ ਤੇ ਸਾਡੇ ਰਾਜ ਦੀ ਰੂਹ ਸਾਡੇ ਹਿੰਮਤ ਭਰੇ ਅਤੇ ਸਾਫ਼ ਫ਼ੈਸਲਿਆਂ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਕੇਵਲ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਬਲਕਿ ਹਰ ਮਾਂ ਦੀ ਆਸ ਹਰ ਪਿਤਾ ਦੇ ਸੁਪਨੇ ਅਤੇ ਹਰ ਬੱਚੇ ਦੇ ਸੁਰੱਖਿਅਤ ਭਵਿੱਖ ਦੀ ਜੰਗ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਰੇਵਾਲ ਨੇ ਕਿਹਾ ਕਿ ਉਹ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਮਾਣਯੋਗ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਦਿਲੋਂ ਸਤਿਕਾਰ ਦਿਲੋਂ ਕ੍ਰਿਤਗਤਾ ਅਤੇ ਡੂੰਘੇ ਭਰੋਸੇ ਨਾਲ ਨਮਨ ਕਰਦੇ ਹਨ ਜਿਨ੍ਹਾਂ ਦੇ ਮਜ਼ਬੂਤ ਅਤੇ ਦੂਰਦਰਸ਼ੀ ਨੇਤਰੀਤਵ ਨੇ ਭਾਰਤ ਨੂੰ ਰਾਸ਼ਟਰੀ ਸੁਰੱਖਿਆ ਅਤੇ ਅੰਦਰੂਨੀ ਸਥਿਰਤਾ ਦੀ ਨਵੀਂ ਦਿਸ਼ਾ ਦਿੱਤੀ ਹੈ। ਜਿਸ ਦ੍ਰਿੜਤਾ ਨਾਲ ਦਹਿਸ਼ਤਗਰਦੀ ਅਤੇ ਆਰਗਨਾਇਜ਼ਡ ਕਰਾਈਮ ਨੂੰ ਕੁਚਲਿਆ ਜਾਵੇ।
ਗਰੇਵਾਲ ਨੇ ਕਿਹਾ ਕਿ ਸਭ ਤੋਂ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਦਮ ਹੈ ਅੰਤਰਰਾਸ਼ਟਰੀ ਸਰਹੱਦਾਂ ‘ਤੇ ਪੂਰਾ ਕਾਬੂ ਕਰਨਾ ਤਾਂ ਜੋ ਨਸ਼ਾ ਪੰਜਾਬ ਵਿੱਚ ਦਾਖ਼ਲ ਹੀ ਨਾ ਹੋ ਸਕੇ। ਪਰ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸਰਹੱਦਾਂ ਸੁਰੱਖਿਅਤ ਹੋ ਜਾਣ ਤਾਂ ਫਿਰ ਰਾਜ ਦੇ ਅੰਦਰ ਨਸ਼ਿਆਂ ਦੀ ਪੂਰੀ ਚੇਨ ਨੂੰ ਬਿਨਾ ਕਿਸੇ ਦੇਰੀ ਬਿਨਾ ਕਿਸੇ ਸਮਝੌਤੇ ਅਤੇ ਬਿਨਾ ਕਿਸੇ ਰਹਿਮ ਦੇ ਤੋੜਿਆ ਜਾਵੇ। ਇਸ ਲਈ ਪੰਜਾਬ ਵਿੱਚ ਸਾਰੇ ਹਾਟਸਪੌਟਸ ‘ਤੇ ਵੱਡੇ ਪੱਧਰ ‘ਤੇ ਤੁਰੰਤ ਰੇਡਾਂ ਹੋਣ ਚਾਹੀਦੀਆਂ ਹਨ ਸਪਲਾਇਰਾਂ ਟਰਾਂਸਪੋਰਟਰਾਂ ਫ਼ਾਇਨੰਸਰਾਂ ਅਤੇ ਸਟੋਰੇਜ ਓਪਰੇਟਰਾਂ ਦੀ ਨਿਰਦਈ ਟ੍ਰੈਕਿੰਗ ਹੋਵੇ ਅਤੇ ਨਸ਼ਾ ਤਸਕਰਾਂ ਦੇ ਸਾਰੇ ਬੈਂਕ ਅਕਾਊਂਟ ਅਤੇ ਜਾਇਦਾਦਾਂ ਨੂੰ ਐਨਡੀਪੀਐਸ ਅਤੇ ਪੀਐਮਐੱਲਏ ਐਕਟ ਅਧੀਨ ਤੁਰੰਤ ਫ੍ਰੀਜ਼ ਕੀਤਾ ਜਾਵੇ।
ਗਰੇਵਾਲ ਨੇ ਦੱਸਿਆ ਕਿ ਉਹ ਭਾਰਤ ਸਰਕਾਰ ਤੋਂ ਬੇਨਤੀ ਕਰਦੇ ਹਨ ਕਿ ਨਸ਼ਿਆਂ ਨਾਲ ਸੰਬੰਧਿਤ ਕੇਸਾਂ ਲਈ ਇੱਕ ਖ਼ਾਸ ਨਾਰਕੋਟਿਕਸ ਅਦਾਲਤ ਸਥਾਪਿਤ ਕੀਤੀ ਜਾਵੇ ਜਿਥੇ ਹਰ ਕੇਸ ਦੀ ਸੁਣਵਾਈ ਨੱਬੇ ਦਿਨਾਂ ਵਿੱਚ ਮੁਕੰਮਲ ਹੋਵੇ ਤਾਂ ਜੋ ਮਾਫੀਆ ਨੂੰ ਇਹ ਸਖਤ ਸੁਨੇਹਾ ਜਾਵੇ ਕਿ ਧੀਮੀ ਨਿਆਂ ਵਾਲਾ ਜ਼ਮਾਨਾ ਖ਼ਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਲਈ ਹੋਰ ਇਕ ਬਹੁਤ ਮਹੱਤਵਪੂਰਨ ਕਦਮ ਹੈ ਨਸ਼ਾ ਮਾਫੀਆ ਅਤੇ ਭ੍ਰਿਸ਼ਟ ਅਧਿਕਾਰੀਆਂ ਦੇ ਗਠਜੋੜ ਨੂੰ ਤੋੜਨਾ। ਗਰੇਵਾਲ ਨੇ ਕਿਹਾ ਕਿ ਪੰਜਾਬ ਨੂੰ ਪੁਲਿਸ ਵਿਭਾਗ ਦੇ ਅੰਦਰ ਇਕ ਵੱਡੀ ਅੰਦਰੂਨੀ ਕਲੀਨ ਅਪ ਮੁਹਿੰਮ ਚਾਹੀਦੀ ਹੈ। ਕੋਈ ਵੀ ਅਫ਼ਸਰ ਜੋ ਨਸ਼ਿਆਂ ਨਾਲ ਸੀਧੇ ਜਾਂ ਅਪਰੋਖ ਤੌਰ ‘ਤੇ ਜੁੜਿਆ ਹੋਵੇ ਉਸਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਐਨਡੀਪੀਐਸ ਐਕਟ ਅਧੀਨ ਕੇਸ ਦਰਜ ਕੀਤਾ ਜਾਵੇ ਅਤੇ ਹਮੇਸ਼ਾ ਲਈ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਕਿਉਂਕਿ ਸਿਰਫ਼ ਸਾਫ਼ ਪੁਲਿਸ ਫ਼ੋਰਸ ਹੀ ਨਸ਼ਿਆਂ ਨਾਲ ਸੱਚਾਈ ਅਤੇ ਇਮਾਨਦਾਰੀ ਨਾਲ ਲੜ ਸਕਦੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਇਕੋ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਤੈਨਾਤ ਹਨ ਉਨ੍ਹਾਂ ਦਾ ਤੁਰੰਤ ਤਬਾਦਲਾ ਹੋਣਾ ਚਾਹੀਦਾ ਹੈ ਤਾਂ ਜੋ ਸਥਾਨਕ ਗਠਜੋੜ ਟੁੱਟਣ ਅਤੇ ਪੁਲਿਸਿੰਗ ਬੇਪੱਖ ਨਿਰਭੀਕ ਅਤੇ ਨਿਆਂਸੰਗਤ ਬਣੇ।
ਗਰੇਵਾਲ ਨੇ ਕਿਹਾ ਕਿ ਇਹ ਕੇਵਲ ਉਨ੍ਹਾਂ ਦੀ ਨਿੱਜੀ ਅਪੀਲ ਨਹੀਂ ਬਲਕਿ ਕਰੋੜਾਂ ਪੰਜਾਬੀਆਂ ਦੀ ਸਾਂਝੀ ਚੀਕ ਹੈ ਜੋ ਆਪਣੇ ਪੰਜਾਬ ਨੂੰ ਜ਼ਹਿਰ ਤੋਂ ਮੁਕਤ ਡਰ ਤੋਂ ਮੁਕਤ ਅਤੇ ਆਸ ਨਾਲ ਭਰਪੂਰ ਵੇਖਣਾ ਚਾਹੁੰਦੇ ਹਨ। ਉਨ੍ਹਾਂ ਪੂਰਾ ਭਰੋਸਾ ਜਤਾਇਆ ਕਿ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦੀ ਅਗਵਾਈ ਵਿੱਚ ਪੰਜਾਬ ਹੋਰ ਮਜ਼ਬੂਤ ਹੋਏਗਾ ਹੋਰ ਸਾਫ਼ ਹੋਏਗਾ ਅਤੇ ਡਰੱਗ ਫ੍ਰੀ ਪੰਜਾਬ ਦਾ ਸੁਪਨਾ ਜਲਦੀ ਹਕੀਕਤ ਬਣੇਗਾ।