ਜਲਾਲਪੁਰ-ਬੱਸੀ ਪਿੰਡ ਨੂੰ ਬਨੂੰੜ -ਲਾਲੜੂ ਨਾਲ ਜੋੜਨ ਵਾਲੀ ਸੰਪਰਕ ਸੜਕ ਦੀ ਹਾਲਤ ਖ਼ਸਤਾ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਜੁਲਾਈ 2025: ਪਿਛਲੇ ਕਈਂ ਸਾਲਾ ਤੋਂ ਰਿਪੇਅਰ ਦੀ ਉਮੀਦ ਕਰ ਰਹੀ ਜਲਾਲਪੁਰ-ਬਸੀ ਸੰਪਰਕ ਸੜਕ ਜੋ ਇਨ੍ਹਾਂ ਪਿੰਡਾਂ ਨੂੰ ਬਨੂੰੜ ਤੇ ਲਾਲੜੂ ਨਾਲ ਜੋੜਦੀ ਹੈ , ਇਸ ਸਮੇਂ ਆਖਰੀ ਸਾਹਾਂ ਉੱਤੇ ਹੈ। ਸੜਕ ਦੀ ਹਾਲਤ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ ਲੋਕ ਸੜਕ ਦੀ ਬਜਾਏ ਸੜਕ ਨਾਲ ਲੱਗਦੀ ਕੱਚੀ ਕਿਨਾਰੀ ਉੱਤੇ ਚੱਲਣ ਨੂੰ ਤਰਜੀਹ ਦਿੰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 16 ਦੇ ਕਾਂਗਰਸੀ ਕੌਂਸਲਰ ਯੁਗਵਿੰਦਰ ਸਿੰਘ ਰਾਠੌਰ, ਨੌਜਵਾਨ ਆਗੂ ਮਨਜੀਤ ਸਿੰਘ ਜਲਾਲਪੁਰ, ਸਾਬਕਾ ਸਰਪੰਚ ਜਨਕ ਸਿੰਘ, ਰਣਬੀਰ ਸਿੰਘ, ਬੰਤ ਸਿੰਘ, ਗੁਰਨਾਮ ਸਿੰਘ,ਪ੍ਰਿਥਵੀ ਰਾਜ, ਰਾਮ ਕਰਣ, ਸੰਦੀਪ ਸਿੰਘ, ਪ੍ਰਦੀਪ ਸਿੰਘ, ਕਪੂਰ ਸਿੰਘ , ਸੋਮਨਾਥ ਭਗਤ , ਗਿਆਨ ਸਿੰਘ, ਮਹਿੰਦਰ ਸਿੰਘ , ਰਾਮ ਸਿੰਘ ਜਲਾਲਪੁਰ, ਯੋਗਿੰਦਰ ਸਿੰਘ ਤੇ ਰੋਹਤਾਸ਼ ਸ਼ਰਮਾ ਆਦਿ ਨੇ ਦੱਸਿਆ ਕਿ ਉਂਝ ਤਾਂ ਇਹ ਸੜਕ ਲੰਮੇ ਸਮੇਂ ਤੋਂ ਟੁੱਟੀ ਪਈ ਹੈ ਪਰ ਹੁਣ ਤਾਂ ਇਹ ਸੜਕ ਇੱਕ ਤਰ੍ਹਾਂ ਨਾਲ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੂੰ ਇਸ ਸੜਕ ਦੀ ਹਾਲਤ ਸਬੰਧੀ ਜਾਣੂ ਕਰਵਾ ਚੁੱਕੇ ਹਨ, ਪਰ ਇਸ ਦਾ ਨਤੀਜਾ ਸਿਫਰ ਹੀ ਰਿਹਾ ਹੈ । ਉਕਤ ਮੋਹਤਬਰਾਂ ਨੇ ਦੱਸਿਆ ਕਿ ਇਸ ਸੜਕ ਰਾਹੀਂ ਜਿੱਥੇ ਲੋਕ ਲਾਲੜੂ ਅਤੇ ਬਨੂੰੜ ਆਪਣੇ ਕੰਮਾਂ ਕਾਰਾਂ ਲਈ ਜਾਂਦੇ ਹਨ, ਉੱਥੇ ਹੀ ਸਕੂਲਾਂ-ਕਾਲਜਾਂ ਨੂੰ ਪੜ੍ਹਨ ਜਾਂਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਨਾਲ-ਨਾਲ ਕੰਮ ਕਰਨ ਜਾਂਦੇ ਰਾਹਗੀਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਵਿੱਚਲੇ ਖੱਡਿਆਂ 'ਚ ਬਰਸਾਤ ਦਾ ਪਾਣੀ ਖੜਨ ਕਾਰਨ ਰਾਹਗੀਰਾਂ ਦੇ ਕੱਪੜੇ ਖਰਾਬ ਹੋ ਜਾਂਦੇ ਹਨ ਅਤੇ ਕਈਂ ਵਾਰ ਬੱਚਿਆਂ ਨੂੰ ਘਰ ਵਾਪਸ ਆ ਕੇ ਵਰਦੀ ਤੱਕ ਬਦਲਣੀ ਪੈਂਦੀ ਹੈ, ਕਿਉਂਕਿ ਇਹ ਵਰਦੀ ਚਿੱਕੜ ਨਾਲ ਲਿੱਬੜ ਜਾਂਦੀ ਹੈ। ਉਕਤ ਮੋਹਤਬਰਾਂ ਨੇ ਇਸ ਸੜਕ ਨੂੰ ਪਹਿਲ ਦੇ ਅਧਾਰ ਉੱਤੇ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਸ਼ਹਿਰੀ ਅਬਾਦੀ ਤੋਂ ਦੂਰ ਰਹਿੰਦੇ ਇਸ ਖੇਤਰ ਦੇ ਲੋਕ ਨਰਕ ਭਰੇ ਜੀਵਨ ਤੋਂ ਬਚ ਸਕਣ। ਇਸ ਸਬੰਧੀ ਸੰਪਰਕ ਕਰਨ ਉੱਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਵਿਚਾਰ ਅਧੀਨ ਹੈ ਅਤੇ ਇਸ ਮਾਮਲੇ ਵਿੱਚ ਕਾਰਵਾਈ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸੜਕ ਦਾ ਕੰਮ ਪਹਿਲ ਦੇ ਅਧਾਰ ਉੱਤੇ ਲਗਵਾਇਆ ਜਾਵੇਗਾ।