ਜਥੇਦਾਰ ਗਡਗੱਜ ਦੀ ਅਗਵਾਈ ਹੇਠ ਅਹਿਮ ਮਾਮਲਿਆਂ ’ਤੇ ਪੰਜ ਸਿੰਘ ਸਾਹਿਬਾਨ ਨੇ ਲਏ ਫੈਸਲੇ, ਪੜ੍ਹੋ ਵੇਰਵਾ
ਅੰਮ੍ਰਿਤਸਰ, 8 ਦਸੰਬਰ, 2025: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਹੇਠ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ।
ਜਥੇਦਾਰ ਗਡਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲੇ ਪੜ੍ਹ ਕੇ ਸੁਣਾਏ ਜੋ ਹੇਠ ਲਿਖੇ ਮੁਤਾਬਕ ਹਨ:
1. ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਸਾਹਿਬਾਨ ਖਿਲਾਫ ਬਿਆਨਬਾਜ਼ੀ ਲਈ ਆਪਣੀ ਭੁੱਲ ਬਖਸ਼ਾਈ।
2. ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਖੁਦ ਪੇਸ਼ ਹੋ ਕੇ ਸਿੱਖ ਕੌਮ ਬਾਰੇ ਕੀਤੀ ਬਿਆਨਬਾਜ਼ੀ ਦੀ ਭੁੱਲ ਬਖਸ਼ਾਈ। ਇਥੇ ਜਥੇਦਾਰ ਗਡਗੱਜ ਨੇ ਹਦਾਇਤ ਕੀਤੀ ਕਿ ਯੂਨੀਵਰਸਿਟੀ ਵਿਚ ਕੋਈ ਵੀ ਅਜਿਹਾ ਕਾਰਜ ਨਹੀਂ ਕੀਤਾ ਜਾਵੇਗਾ ਜਿਸ ਨਾਲ ਨਿਆਰੀ ਸਿੱਖੀ ਪਛਾਣ ਨੂੰ ਖੋਰਾ ਲੱਗੇ।
3. ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸਤੰਬਰ 2015 ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੀ ਖਿਮਾ ਜਾਚਨਾ ਕੀਤੀ।
4. ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥੇਬੰਦੀ ਯੂ. ਕੇ. ਨੇ ਆਪਣੇ ਕੀਰਤਨ ਦੌਰਾਨ ਕੀਤੀਆਂ ਟਿੱਪਣੀਆਂ ਲਈ ਮੁਆਫੀ ਮੰਗੀ।
5. ਜਸਵੰਤ ਸਿੰਘ ਜੱਫਰ ਡਾਇਰੈਕਟਰ ਭਾਸ਼ਾ ਵਿਭਾਗ ਨੇ ਸ੍ਰੀਨਗਰ ਵਿਚ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮ ਵਿਚ ਭੰਗੜੇ ਪਾਏ ਜਾਣ ਲਈ ਮੁਆਫੀ ਮੰਗੀ।