ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕੋਟ ਸ਼ਮੀਰ ਦੇ ਲੋਕਾਂ ਵੱਲੋਂ ED ਦੇ ਘਿਰਾਓ ਦੀ ਚੇਤਾਵਨੀ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ 2025: ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਅੱਕੇ ਨਗਰ ਪੰਚਾਇਤ ਕੋਟਸ਼ਮੀਰ ਦੇ ਵਾਰਡ ਨੰਬਰ 3 ਤੇ 4 ਵਾਸੀਆਂ ਨੇ ਦੋ ਦਿਨ ਦੇ ਅੰਦਰ ਅੰਦਰ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਈਓ ਦਫਤਰ ਦਾ ਘਿਰਾਓ ਕਰਨ ਦਾ ਅਲਟੀਮੇਟਮ ਦਿੱਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹੁਣ ਅੱਕ ਕੇ ਇਸ ਰਾਹ ਪਏ ਹਨ ਕਿਉਂਕਿ ਉਹਨਾਂ ਨੂੰ ਕੋਈ ਮਸਲੇ ਦਾ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਨਗਰ ਪੰਚਾਇਤ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਦੀ ਅਗਵਾਈ ਹੇਠ ਵਾਰਡ ਵਾਸੀਆਂ ਨੇ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਕਾਰਜਸਾਧਕ ਅਫਸਰ ਨੂੰ ਮਿਲ ਕੇ ਇਸਦੇ ਹੱਲ ਦੀ ਮੰਗ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਜਸਕਰਨ ਸਿੰਘ ਸੈਕਟਰੀ ਨੇ ਕਿਹਾ ਕਿ ਤਲਵੰਡੀ ਸਾਬੋ ਰੋਡ ਦੇ ਦੋਨੇ ਪਾਸੇ ਬਣੇ ਨਿਕਾਸੀ ਨਾਲਿਆਂ ਦਾ ਗੰਦਾ ਪਾਣੀ ਵਾਰਡ ਦੇ ਗੁਰੂ ਘਰ ਨਾਲ ਲੱਗਦੇ ਛੱਪੜ ਚ ਪੈਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਛੱਪੜ ਦੇ ਪਾਣੀ ਦੀ ਨਿਕਾਸੀ ਬੰਦ ਪਈ ਹੈ ਜਿਸ ਸਬੰਧੀ ਨਗਰ ਪੰਚਾਇਤ ਦਫਤਰ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ । ਉਹਨਾਂ ਦੱਸਿਆ ਕਿ ਦਫਤਰ ਵੱਲੋਂ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਗੰਦਾ ਪਾਣੀ ਪਿੰਡ ਦੀਆਂ ਮੁੱਖ ਗਲੀਆਂ ਰਾਹੀਂ ਘਰਾਂ ਵਿੱਚ ਦਾਖਲ ਹੋਣ ਲੱਗਾ ਤੇ ਭਾਈਚਾਰੇ ਵਿੱਚ ਝਗੜੇ ਹੋਣ ਲੱਗੇ ਹਨ। ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਨੇ ਕਿਹਾ ਕਿ ਉਹਨਾਂ ਈ ਓ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਵਿੱਚ ਵਾਰਡ ਵਾਸੀਆਂ ਦੀ ਸਮੱਸਿਆ ਦਾ ਹੱਲ ਨਾਂ ਹੋਇਆ ਤਾਂ ਉਹ ਲੋਕਾਂ ਨੂੰ ਨਾਲ ਲੈਕੇ ਨਗਰ ਪੰਚਾਇਤ ਦਫ਼ਤਰ ਦਾ ਘਿਰਾਓ ਕਰਨਗੇ ਜਿਸਦੀ ਪੂਰੀ ਜਿੰਮੇਵਾਰੀ ਕਾਰਜਸਾਧਕ ਅਫਸਰ ਦੀ ਹੋਵੇਗੀ।