ਖੰਨਾ ਦੀ ਮੀਟ ਮਾਰਕੀਟ 'ਚ ਨਰਕ ਵਰਗੇ ਹਾਲਾਤ: ਗੰਦਾ ਪਾਣੀ ਪੀਣ ਨੂੰ ਮਜ਼ਬੂਰ ਲੋਕ
ਪ੍ਰਸ਼ਾਸਨ ਨੇ ਦਿੱਤਾ ਜਲਦ ਸੁਧਾਰ ਦਾ ਭਰੋਸਾ
ਰਵਿੰਦਰ ਸਿੰਘ
ਖੰਨਾ: 14 ਫਰਵਰੀ, 2026
ਖੰਨਾ ਦੀ ਮੀਟ ਮਾਰਕੀਟ ਇਲਾਕੇ ਦੇ ਵਸਨੀਕ ਲੰਬੇ ਸਮੇਂ ਤੋਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਲਾਕੇ ਵਿੱਚ ਪੀਣ ਵਾਲਾ ਸਾਫ ਪਾਣੀ ਤੱਕ ਲੋਕਾਂ ਨੂੰ ਉਪਲਬਧ ਨਹੀਂ ਹੋ ਰਿਹਾ, ਜਿਸ ਕਾਰਨ ਲੋਕਾਂ ਦੀ ਸਿਹਤ ਉੱਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਅਤੇ ਗੰਦਗੀ ਕਾਰਨ ਇਥੇ ਲਗਾਤਾਰ ਬੀਮਾਰੀਆਂ ਫੈਲ ਰਹੀਆਂ ਹਨ। ਕਈ ਲੋਕ ਬਿਮਾਰ ਹੋ ਕੇ ਮੌਤ ਦਾ ਸ਼ਿਕਾਰ ਵੀ ਹੋ ਚੁੱਕੇ ਹਨ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਲੋਕਾਂ ਦਾ ਦੱਸਣਾ ਹੈ ਕਿ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਗਲੀਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਜਾਮ ਪਿਆ ਹੈ। ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜਾ ਰਹਿੰਦਾ ਹੈ, ਜਿਸ ਨਾਲ ਬਦਬੂ ਫੈਲ ਰਹੀ ਹੈ ਅਤੇ ਮੱਛਰ-ਮੱਖੀਆਂ ਦੀ ਭਰਮਾਰ ਹੈ। ਸਰਕਾਰੀ ਟੂਟੀਆਂ ਚੋਂ ਗੰਦਾ ਪਾਣੀ ਆ ਰਿਹਾ ਹੈ ਜੋ ਪੀਣ ਲਈ ਲੋਕ ਮਜ਼ਬੂਰ ਹਨ।
ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਬੁਰੇ ਸਫਾਈ ਹਾਲਾਤਾਂ ਅਤੇ ਬੀਮਾਰੀਆਂ ਦੇ ਡਰ ਕਾਰਨ ਹੁਣ ਰਿਸ਼ਤੇਦਾਰ ਵੀ ਇਥੇ ਆਉਣ ਤੋਂ ਕਤਰਾਉਂਦੇ ਹਨ। ਲੋਕਾਂ ਵਿੱਚ ਅਸੁਰੱਖਿਆ ਅਤੇ ਨਿਰਾਸ਼ਾ ਦੀ ਭਾਵਨਾ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਸਬੰਧਤ ਵਿਭਾਗਾਂ ਨੂੰ ਕਿਹਾ ਗਿਆ, ਪਰ ਹਾਲਾਤਾਂ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਤੁਰੰਤ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਨਿਯਮਤ ਸਫਾਈ ਕਰਵਾਈ ਜਾਵੇ ਅਤੇ ਸੀਵਰੇਜ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।
ਦੂਜੇ ਪਾਸੇ, ਇਲਾਕੇ ਦਾ ਨਿਰੀਖਣ ਕਰਨ ਲਈ ਪਹੁੰਚੀ ਖੰਨਾ ਦੀ ਐਸਡੀਐਮ ਸਵਾਤੀ ਟਿਵਾਣਾ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੁਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਸਮੱਸਿਆ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਹੀ ਹੱਲ ਕੱਢਿਆ ਜਾਵੇਗਾ, ਤਾਂ ਜੋ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਖ ਦੀ ਸਾਹ ਮਿਲ ਸਕੇ।