ਖੇਤ ਮਜ਼ਦੂਰਾਂ ਵੱਲੋਂ ਪੱਤਰਕਾਰਾਂ ਦੀ ਜ਼ੁਬਾਨਬੰਦੀ ਖਿਲਾਫ 24 ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਐਲਾਨ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 21 ਜਨਵਰੀ 2026 : ਪੰਜਾਬ ਸਰਕਾਰ ਵੱਲੋਂ ਲੋਕ ਅਵਾਜ਼ ਟੀ ਵੀ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਮਿੰਟੂ ਗੁਰੂਸਰੀਆ 'ਤੇ ਆਰ ਟੀ ਆਈ ਕਾਰਕੁੰਨ ਮਾਣਕ ਗੋਇਲ ਆਦਿ ਉਤੇ ਕੇਸ ਦਰਜ ਕਰਨ ਅਤੇ ਲੋਕ ਅਵਾਜ਼ ਚੈਨਲ ਨੂੰ ਬੰਦ ਕਰਨ ਖਿਲਾਫ 24 ਜਨਵਰੀ ਨੂੰ ਬਠਿੰਡਾ ਦੇ ਡੀ ਸੀ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਅੱਜ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਖੁੰਡੇ ਹਲਾਲ ਵਿਖੇ ਮੀਟਿੰਗ ਕੀਤੀ ਗਈ। ਖੇਤ ਮਜ਼ਦੂਰ ਆਗੂ ਤਰਸੇਮ ਸਿੰਘ ਤੇ ਕਾਕਾ ਸਿੰਘ ਖੁੰਡੇ ਹਲਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਵਾਂਗ ਹੀ ਲੋਕਾਂ ਤੇ ਪ੍ਰੈਸ ਦੀ ਅਜਾਦੀ ਦਾ ਗਲਾ ਘੁੱਟ ਰਹੀ ਹੈ। ਉਹਨਾਂ ਸਰਕਾਰ ਦੀ ਇਸ ਕਾਰਵਾਈ ਨੂੰ ਜਮਹੂਰੀ ਹੱਕਾਂ ਦਾ ਘਾਣ ਕ਼ਰਾਰ ਦਿੰਦਿਆਂ ਖੇਤ ਮਜ਼ਦੂਰਾਂ ਨੂੰ 24 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਉਹਨਾਂ ਆਖਿਆ ਕਿ ਵੱਡੇ ਵੱਡੇ ਦਾਅਵੇ ਤੇ ਗਰੰਟੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਸਤਾ ਹਥਿਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਦੀ ਥਾਂ ਲੋਕਾਂ 'ਤੇ ਆਰਥਿਕ ਤੇ ਜਾਬਰ ਧਾਵਾ ਬੋਲਣ ਕਰਕੇ ਲੋਕਾਂ 'ਚੋਂ ਆਪਣੀ ਪੜਤ ਬੁਰੀ ਤਰ੍ਹਾਂ ਗਵਾ ਚੁੱਕੀ ਹੈ। ਉਹਨਾਂ ਆਖਿਆ ਕਿ ਆਪਣੀ ਕਾਰਗੁਜ਼ਾਰੀ ਨੂੰ ਸੁਧਾਰਨ ਦੀ ਥਾਂ ਆਪ ਸਰਕਾਰ ਇਸ ਕਾਰਗੁਜ਼ਾਰੀ ਨੂੰ ਉਜਾਗਰ ਕਰਨ ਵਾਲੇ ਪੱਤਰਕਾਰਾਂ ਤੇ ਆਰ ਟੀ ਆਈ ਕਾਰਕੁੰਨਾ ਦੀ ਜ਼ੁਬਾਨਬੰਦੀ ਦੇ ਉਲਟੇ ਰਾਹ ਤੁਰ ਪਈ ਹੈ।