ਕੀਵੀ ਪੀਐੱਮ ਨਾਲ ਆਏ ਨਿਊਜ਼ੀਲੈਂਡ ਦੇ ਉੱਚ-ਪੱਧਰੀ ਵਫ਼ਦ ਨੇ ਕੀਤਾ ਭਾਰਤੀ ਸੰਸਦ ਦਾ ਦੌਰਾ; ਬਜਟ ਇਜਲਾਸ ਦੀ ਦੇਖੀ ਕਾਰਵਾਈ (ਵੀਡੀਓ ਵੀ ਦੇਖੋ)
ਹਰਜਿੰਦਰ ਸਿੰਘ ਭੱਟੀ
- ਐੱਮਪੀ ਸਤਨਾਮ ਸਿੰਘ ਸੰਧੂ ਨੇ ਨਿਊਜ਼ੀਲੈਂਡ ਦੇ ਉੱਚ-ਪੱਧਰੀ ਵਫ਼ਦ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਨਾਲ ਕਰਵਾਇਆ ਜਾਣੂ; ਵਫ਼ਦ 'ਚ ਸੰਸਦ ਮੈਂਬਰ, ਕਾਰੋਬਾਰੀ ਤੇ ਭਾਈਚਾਰਕ ਆਗੂ ਰਹੇ ਸ਼ਾਮਲ
- ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੀਵੀ ਸੰਸਦ ਮੈਂਬਰਾਂ, ਕਾਰੋਬਾਰੀ ਤੇ ਭਾਈਚਾਰਕ ਆਗੂਆਂ ਦਾ ਭਾਰਤੀ ਸੰਸਦ 'ਚ ਕੀਤਾ ਨਿੱਘਾ ਸਵਾਗਤ
ਨਵੀਂ ਦਿੱਲੀ, 18 ਮਾਰਚ 2025 - ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਦੇ ਆਪਣੇ ਪੰਜ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨਾਲ ਆਏ ਨਿਊਜ਼ੀਲੈਂਡ ਦੇ ਉੱਚ-ਪੱਧਰੀ ਵਫ਼ਦ ਨੇ ਸੰਸਦ ਦਾ ਦੌਰਾ ਕੀਤਾ ਅਤੇ ਹਾਲੀਆ ਚੱਲ ਰਹੇ ਬਜਟ ਇਜਲਾਸ ਦੀ ਕਾਰਵਾਈ ਵੀ ਦੇਖੀ। ਨਿਊਜ਼ੀਲੈਂਡ ਦੇ ਇਸ ਉੱਚ-ਪੱਧਰੀ ਵਫ਼ਦ 'ਚ ਕੀਵੀ ਸੰਸਦ ਮੈਂਬਰ, ਕਾਰੋਬਾਰੀ ਆਗੂ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰ ਸ਼ਾਮਲ ਸਨ।

ਨਿਊਜ਼ੀਲੈਂਡ ਵੱਲੋਂ ਆਏ ਇਸ ਉੱਚ-ਪੱਧਰੀ ਵਫ਼ਦ 'ਚ ਉਨ੍ਹਾਂ ਦੇ ਮੌਜੂਦਾ ਸੰਸਦ ਮੈਂਬਰ ਐਂਡੀ ਫੋਸਟਰ, ਕਾਰਲੋਸ ਚੇਂਗ, ਪ੍ਰਿਯਾਂਕਾ ਰਾਧਾਕ੍ਰਿਸ਼ਨਨ, ਸਾਬਕਾ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ, ਭਾਰਤ-ਨਿਊਜ਼ੀਲੈਂਡ ਵਪਾਰ ਪਰਿਸ਼ਦ ਦੇ ਸਰਪ੍ਰਸਤ ਭਵ ਢਿੱਲੋਂ ਸਣੇ ਆਕਲੈਂਡ 'ਚ ਭਾਰਤ ਦੇ ਸਾਬਕਾ ਆਨਰੇਰੀ ਕੌਂਸਲ, ਭਾਈਚਾਰੇ ਤੇ ਕਾਰੋਬਾਰੀ ਆਗੂ ਸ਼ਾਮਲ ਸਨ। ਇਸ ਵਫ਼ਦ ਨੇ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1209156637490841
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੰਸਦ ਭਵਨ 'ਚ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਦੌਰੇ ਦੌਰਾਨ, ਰਾਜ ਸਭਾ ਮੈਂਬਰ ਸੰਧੂ ਨਾਲ ਆਏ ਵਫ਼ਦ ਨੇ ਵਿਸ਼ੇਸ਼ ਥਾਂ ਜਿਸਨੂੰ ਸਪੈਸ਼ਲ ਬਾਕਸ ਕਿਹਾ ਜਾਂਦਾ ਹੈ 'ਤੋਂ ਸੰਸਦ ਦੀ ਕਾਰਵਾਈ ਦੇਖੀ।
ਉੱਚ-ਪੱਧਰੀ ਵਫ਼ਦ ਨੇ ਸੰਸਦ ਦੀ ਸੰਵਿਧਾਨਕ ਗੈਲਰੀ ਦਾ ਵੀ ਦੌਰਾ ਕੀਤਾ। ਇਸ ਦੌਰਾਨ ਸੰਸਦ ਮੈਂਬਰ ਸੰਧੂ ਨੇ ਉਨ੍ਹਾਂ ਨੂੰ ਭਾਰਤ ਦੀ ਸੰਸਦ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਤੇ ਵਫ਼ਦ ਨੂੰ ਲੋਕਤੰਤਰ ਵਜੋਂ ਭਾਰਤ ਦੀ ਯਾਤਰਾ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ।
ਆਰਟ ਗੈਲਰੀ ਦੇ ਦੌਰੇ ਦੌਰਾਨ, ਐੱਮਪੀ ਸੰਧੂ ਨੇ ਵਫ਼ਦ ਨੂੰ ਵਿਸ਼ਾਲ ਅਤੇ ਵਿਭਿੰਨ ਸੱਭਿਆਚਾਰਕ ਸਣੇ ਅਧਿਆਤਮਿਕ ਵਿਰਾਸਤ, ਸ਼ਿਲਪਕਾਰੀ, ਪਰੰਪਰਾਵਾਂ ਤੇ ਭਾਈਚਾਰਿਆਂ ਨੂੰ ਦਰਸਾਉਂਦੀਆਂ ਕਲਾਕ੍ਰਿਤੀਆਂ ਬਾਰੇ ਜਾਣਕਾਰੀ ਦਿੱਤੀ।
ਨਿਊਜ਼ੀਲੈਂਡ ਤੋਂ ਆਏ ਸਦਸ ਉਨ੍ਹਾਂ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਅਗੁਵਾਈ ਵਾਲੇ ਉੱਚ ਪੱਧਰੀ ਵਫ਼ਦ ਦਾ ਹਿੱਸਾ ਹਨ। ਗੌਰਤਲਬ ਹੈ, ਪ੍ਰਧਾਨ ਮੰਤਰੀ ਦੇ ਤੌਰ 'ਤੇ ਲਕਸਨ, 16 ਮਾਰਚ ਤੋਂ 20 ਮਾਰਚ ਤੱਕ ਭਾਰਤ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ 'ਤੇ ਹਨ। ਇਸ ਵਫਦ 'ਚ ਅਧਿਕਾਰੀ, ਕਾਰੋਬਾਰਾਂ ਦੇ ਨੁਮਾਇੰਦੇ, ਭਾਈਚਾਰਕ ਪ੍ਰਵਾਸੀ, ਮੀਡੀਆ ਅਤੇ ਸੱਭਿਆਚਾਰਕ ਸਮੂਹ ਸ਼ਾਮਲ ਹਨ।
ਪ੍ਰਧਾਨ ਮੰਤਰੀ ਦੇ ਦੌਰੇ 'ਤੇ ਲਕਸਨ ਹੁਣ ਤੱਕ ਦਾ ਸਭ ਤੋਂ ਵੱਡਾ ਵਫ਼ਦ ਲੈ ਕੇ ਆਏ ਹਨ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਐਤਵਾਰ ਨੂੰ ਭਾਰਤ ਦੇ ਪੰਜ ਦਿਨਾਂ ਦੇ ਸਰਕਾਰੀ ਦੌਰੇ ਲਈ ਨਵੀਂ ਦਿੱਲੀ ਪੁੱਜੇ ਹਨ।
ਲਕਸਨ ਰਾਇਸੀਨਾ ਡਾਇਲਾਗ ਦੇ 10ਵੇਂ ਐਡੀਸ਼ਨ 'ਚ ਮੁੱਖ ਮਹਿਮਾਨ ਹੋਣਗੇ ਅਤੇ ਭੂ-ਰਾਜਨੀਤੀ ਅਤੇ ਭੂ-ਅਰਥਸ਼ਾਸਤਰ 'ਤੇ ਭਾਰਤ ਦੇ ਇਸ ਪ੍ਰਮੁੱਖ ਸੰਮੇਲਨ ਦੌਰਾਨ ਮੁੱਖ ਭਾਸ਼ਣ ਵੀ ਦੇਣਗੇ। ਇਹ ਭਾਸ਼ਣ ਅੰਤਰਰਾਸ਼ਟਰੀ ਭਾਈਚਾਰੇ ਨੂੰ ਦਰਪੇਸ਼ ਸਭ ਤੋਂ ਚੁਣੌਤੀਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਰਹੇਗਾ। ਦੱਸ ਦਈਏ, ਨਿਊਜ਼ੀਲੈਂਡ ਅਤੇ ਭਾਰਤ ਇੱਕ ਵਿਆਪਕ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ।
ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਮੋਦੀ ਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਨਾਲ ਦੁਵੱਲੀ ਗੱਲਬਾਤ ਦੌਰਾਨ, ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਵਧ ਰਹੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਸਾਂਝੀ ਇੱਛਾ ਦੀ ਪੁਸ਼ਟੀ ਕੀਤੀ।
ਦੋਵੇਂ ਆਗੂਆਂ ਨੇ ਮੰਨਿਆ ਕਿ ਦੁਵੱਲੇ ਸਬੰਧਾਂ 'ਚ ਵਿਕਾਸ ਦੀਆਂ ਕਾਫ਼ੀ ਸੰਭਾਵਨਾਵਾਂ ਹਨ ਅਤੇ ਦੋਵੇਂ ਵਪਾਰ ਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਸਿੱਖਿਆ ਅਤੇ ਖੋਜ, ਵਿਗਿਆਨ ਅਤੇ ਤਕਨੀਕ, ਖੇਤੀਬਾੜੀ-ਤਕਨੀਕ, ਪੁਲਾੜ, ਲੋਕਾਂ ਦੀ ਗਤੀਸ਼ੀਲਤਾ ਅਤੇ ਖੇਡਾਂ ਸਣੇ ਵਿਭਿੰਨ ਖੇਤਰਾਂ 'ਚ ਨੇੜਿਓਂ ਸਹਿਯੋਗ ਕਰਨ ਲਈ ਸਹਿਮਤ ਹੋਏ।
ਦੋਵੇਂ ਆਗੂਆਂ ਨੇ ਡੂੰਘੇ ਆਰਥਿਕ ਏਕੀਕਰਨ ਨੂੰ ਪ੍ਰਾਪਤ ਕਰਨ ਲਈ ਇੱਕ ਸੰਤੁਲਿਤ, ਉਤਸ਼ਾਹੀ, ਵਿਆਪਕ ਅਤੇ ਆਪਸੀ ਲਾਭਦਾਇਕ ਵਪਾਰ ਸਮਝੌਤੇ ਲਈ ਐਫ.ਟੀ.ਐ. ਦੀ ਸ਼ੁਰੂਆਤ ਦਾ ਸਵਾਗਤ ਕੀਤਾ।
ਦੋਵੇਂ ਆਗੂਆਂ ਨੇ ਸੰਸਦੀ ਆਦਾਨ-ਪ੍ਰਦਾਨ ਦੀ ਮਹੱਤਤਾ ਨੂੰ ਪਛਾਣਦਿਆਂ ਦੋਵਾਂ ਦੇਸ਼ਾਂ ਵਿਚਕਾਰ ਸੰਸਦੀ ਵਫ਼ਦਾਂ ਦੇ ਨਿਯਮਤ ਦੌਰਿਆਂ ਨੂੰ ਉਤਸ਼ਾਹਿਤ ਕੀਤਾ।
ਦੋਵੇਂ ਆਗੂਆਂ ਨੇ ਇਤਿਹਾਸ ਦੇ ਪਲ ਸਾਂਝੇ ਕਰਦਿਆਂ ਇੱਕ ਦੂਜੇ ਨਾਲ ਮਿਲ ਕੇ ਲੜਨ ਅਤੇ ਸੇਵਾ ਕਰਨ ਵਾਲੇ ਭਾਰਤੀ ਅਤੇ ਨਿਊਜ਼ੀਲੈਂਡ ਦੇ ਸੇਵਾ ਕਰਮਚਾਰੀਆਂ ਦੇ ਬਲੀਦਾਨ ਦੇ ਸਾਂਝੇ ਇਤਿਹਾਸ ਨੂੰ ਸਵੀਕਾਰ ਕੀਤਾ।