ਆਪ ਦੋ ਸੀਨੀਅਰ ਆਗੂਆਂ ਨੇ ਦਿੱਤਾ ਅਸਤੀਫਾ
ਰਵਿੰਦਰ ਸਿੰਘ
ਖੰਨਾ, 17 ਅਪ੍ਰੈਲ 2026 :
ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡਾ ਜਥੇਬੰਦਕ ਝਟਕਾ ਲੱਗਿਆ ਜਦੋਂ ਪਾਰਟੀ ਦੇ ਦੋ ਸੀਨੀਅਰ ਅਤੇ ਪੁਰਾਣੇ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਅਸਤੀਫ਼ਾ ਦੇਣ ਵਾਲਿਆਂ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ (ਜ਼ਿਲ੍ਹਾ ਜੁਆਇੰਟ ਸੈਕਟਰੀ ਲੀਗਲ ਸੈੱਲ ਅਤੇ ਬਲਾਕ ਸਰਹਿੰਦ ਪ੍ਰਧਾਨ) ਅਤੇ ਰਣਦੀਪ ਸਿੰਘ ਸੋਢੀ (ਜ਼ਿਲ੍ਹਾ ਜੁਆਇੰਟ ਸਕੱਤਰ ਟਰੇਡ ਵਿੰਗ) ਸ਼ਾਮਲ ਹਨ।ਰਣਦੀਪ ਸਿੰਘ ਸੋਢੀ ਸਾਲ 2013 ਤੋਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਸਨ।ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ ਸਾਲ 2016 ਵਿੱਚ ਪਾਰਟੀ ਨਾਲ ਜੁੜੇ ਸਨ।
ਦੋਵਾਂ ਆਗੂਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਪਾਰਟੀ ਵਿੱਚ ਰਹਿ ਕੇ ਲੋਕਾਂ ਦੇ ਜਾਇਜ਼ ਕੰਮ ਨਾ ਹੋਣ ਕਾਰਨ ਬੇਹੱਦ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਜਨਤਾ ਦੀਆਂ ਮੁਸ਼ਕਿਲਾਂ ਨੂੰ ਪਾਰਟੀ ਅੱਗੇ ਰੱਖ ਰਹੇ ਸਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ।ਉਨ੍ਹਾਂ ਨੇ ਇੱਕ ਹਫ਼ਤਾ ਪਹਿਲਾਂ ਪਾਰਟੀ ਦੀ ਹਾਈਕਮਾਂਡ ਨੂੰ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਸੀ।ਹਾਈਕਮਾਂਡ ਨੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਸਥਿਤੀ ਜਿਉਂ ਦੀ ਤਿਉਂ ਰਹੀ।ਨਿਰਾਸ਼ ਹੋ ਕੇ ਅੱਜ ਦੋਵਾਂ ਨੇ ਆਪਣੇ ਅਸਤੀਫ਼ੇ ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਿਬੜਾ ਨੂੰ ਵਟਸਐਪ ਰਾਹੀਂ ਭੇਜ ਦਿੱਤੇ ਹਨ।
ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਹਰ ਛੋਟੀ-ਵੱਡੀ ਚੋਣ ਅਤੇ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਪਾਰਟੀ ਦਾ ਸਾਥ ਦਿੱਤਾ, ਪਰ ਬਦਲੇ ਵਿੱਚ ਪਾਰਟੀ ਨੇ ਵਰਕਰਾਂ ਦੀ ਸਾਰ ਨਹੀਂ ਲਈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਅਹੁਦਿਆਂ 'ਤੇ ਰਹਿ ਕੇ ਉਹ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ, ਤਾਂ ਅਜਿਹੇ ਅਹੁਦਿਆਂ 'ਤੇ ਬਣੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ।
Click to Follow Babushahi Facebook page →