ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਭਗਤਾ ਭਾਈ, 18 ਨਵੰਬਰ 2025 : ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ’ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੀ ਬੌਧਿਕਤਾ ਨੂੰ ਤਰਾਸ਼ਣ ਲਈ ਵੀ ਅਥਾਹ ਯਤਨ ਕੀਤੇ ਜਾਂਦੇ ਹਨ। ਇਸ ਮਕਸਦ ਲਈ ਇਸ ਸੰਸਥਾ ਵੱਲੋਂ ਸਕੂਲ ਦੇ ਅਧਿਆਪਕਾਂ ਲਈ ਇੱਕ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਸਰੋਤ ਡਾ.ਸੰਦੀਪ ਕੁਮਾਰ ਜੀ ਅਤੇ ਮਿਸ. ਪਰਮਜੀਤ ਕੌਰ ਹੁੰਜਨ ਨੇ ਆਪਣਾ-ਆਪਣਾ ਲੰਮਾ ਤਜਰਬਾ ਸਾਂਝਾ ਕੀਤਾ। ਸੈਮੀਨਾਰ ਵਿੱਚ “ਮੈਂਟਲ ਹੈਲਥ” ਨੂੰ ਮੁੱਖ ਰੱਖ ਕੇ ਇਕਾਗਰਤਾ, ਕੇਅਰ ਮਾਡਲ, ਬਾਲਗ ਸਤ੍ਹਾ ਆਦਿ ਵਿਸ਼ਿਆਂ ਉੱਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਨ੍ਹਾਂ ਦੀ ਮੱਹਤਤਾ ਤੋਂ ਵੀ ਜਾਣੂ ਕਰਵਾਇਆ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਨ੍ਹਾਂ ਚਿਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਪਣੇ ਵਿਸ਼ੇ ਉੱਪਰ ਇਕਾਗਰਤਾ ਨਹੀ ਬਣਦੀ, ਉਨਾਂ ਚਿਰ ਜਮਾਤ ਦੇ ਕਮਰੇ ਦਾ ਮਾਹੌਲ ਸੁਖਾਵਾਂ ਨਹੀਂ ਹੋ ਸਕਦਾ। ਉਹਨਾਂ ਨੇ ਸਪਸ਼ਟ ਕੀਤਾ ਕਿ ਬਾਲਗ ਅਵਸਥਾ ਦੇ ਸ਼ੁਰੂ ਹੋਣ ਤੇ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਪੱਧਰ ਤੇ ਕੁਝ ਤਬਦੀਲੀਆਂ ਮਹਿਸੂਸ ਕਰਦੇ ਹਨ।
ਉਹਨਾਂ ਕਿਹਾ ਕਿ ਇਸ ਲਈ ਇੱਥੇ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਡਗਮਗਾਉੇਣ ਤੋਂ ਬਚਾਈਏ।ਉਨ੍ਹਾਂ ਨੇ ਵਧੇਰੇ ਵਿਸਥਾਰ ਨਾਲ ਦੱਸਿਆ ਕਿ ਇੱਥੇ ਅਧਿਆਪਕ ਨੂੰ ਅਧਿਆਪਕ ਹੋਣ ਦੇ ਨਾਲ-ਨਾਲ ਇੱਕ ਕੌਂਸਲਰ ਦੀ ਭੂਮਿਕਾ ਵੀ ਨਿਭਾਉਣੀ ਚਾਹੀਦੀ ਹੈ ਕਿਉਂਕਿ ਇੱਕ ਅਧਿਆਪਕ ਤੋਂ ਵਧੀਆ ਕੋਈ ਕੌਂਸਲਰ ਹੋ ਹੀ ਨਹੀਂ ਸਕਦਾ।ਡਾ.ਸੰਦੀਪ ਕੁਮਾਰ ਨੇ ਸੈਮੀਨਾਰ ਦੌਰਾਨ ਸਪੈਸ਼ਲ ਐਜ਼ੂਕੇਟਰ ਅਤੇ ਹੈਂਡ ਪੂਲਿੰਗ ਦੀ ਲੋੜ ਤੇ ਵੀ ਜ਼ੋਰ ਦਿੱਤਾ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੈਮੀਨਾਰ ਦੀਆਂ ਵਿਸ਼ੇਸ਼ਤਾਵਾਂ ਤੇ ਚਾਨਣਾ ਪਾਇਆ ਅਤੇ ਅੱਜ ਦੇ ਸੈਮੀਨਾਰ ਦੇ ਮੁੱਖ ਸ੍ਰੋਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਅਤੇ ਸਾਰੇ ਕੋਆਰਡੀਨੇਟਰਜ਼ ਵੀ ਮੌਜ਼ੂਦ ਸਨ ।