ਅਗਾਮੀ 31 ਜੁਲਾਈ ਤੱਕ ਚੱਲੇਗੀ ਸਿਹਤ ਵਿਭਾਗ ਦੀ ਤੀਬਰ ਦਸਤ ਰੋਕੂ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 16 ਜੂਨ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਤੀ 16 ਜੂਨ ਤੋਂ 31 ਜੁਲਾਈ ਤੱਕ ਵਿਸ਼ੇਸ਼ ਡਾਇਰੀਆ ਰੋਕਥਾਮ ਮੁਹਿੰਮ ਚਲਾਈ ਜਾ ਰਹੀ ਹੈ । ਜਿਸ ਤਹਿਤ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕੇਟ ਦੇ ਕੇ ਕਵਰ ਕੀਤਾ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮਕਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ। ‘ਸਾਡੇ ਦੇਸ਼ ਵਿਚ ਹਰ ਸਾਲ ਘੱਟ ਤੋਂ ਘੱਟ 1.2 ਲੱਖ ਬੱਚੇ ਦਸਤ ਕਾਰਨ ਮਰਦੇ ਹਨ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਹੁੰਦਾ ਹੈ। ਸਰਕਾਰ ਦਾ ਟੀਚਾ ਦਸਤ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਸਿਫ਼ਰ ਕਰਨਾ ਹੈ।’ ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਦਸਤ ਦੀ ਰੋਕਥਾਮ ਲਈ ਹਰ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ, ਦਸਤ ਤੋਂ ਪੀੜਤ ਬੱਚਿਆਂ ਨੂੰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਦੇਣਾ, ਹੱਥ ਧੋਣ ਦੀਆਂ ਸਹੀ ਤਕਨੀਕਾਂ ਦਾ ਪ੍ਰਦਰਸ਼ਨ ਅਤੇ ਪ੍ਰਚਾਰ ਕਰਨਾ ਸ਼ਾਮਿਲ ਹੈ ।
ਉਹਨਾਂ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅੰਦਰ ਦਸਤ ਦੀ ਬਿਮਾਰੀ ਉਨ੍ਹਾਂ ਦੀ ਮੌਤ ਦਾ ਵੱਡਾ ਕਾਰਨ ਹੈ। ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਦਸਤ ਰੋਗ ਦਾ ਸਹੀ ਇਲਾਜ ਹਨ। ਇਸ ਜਾਗਰੂਕਤਾ ਮਹੀਨੇ ਦੌਰਾਨ ਆਸ਼ਾ ਵਰਕਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਘਰ-ਘਰ ਵਿਚ ਜਾ ਕੇ ਓ.ਆਰ.ਐਸ. ਦਾ ਪੈਕਟ ਮੁਹੱਈਆ ਕਰਵਾਉਣਗੀਆਂ ਅਤੇ ਓ.ਆਰ.ਐਸ ਦਾ ਘੋਲ ਬਣਾਉਣ ਦੀ ਵਿਧੀ ਵੀ ਦੱਸਣਗੀਆਂ । ਇਸ ਤੋਂ ਇਲਾਵਾ ਦਸਤ ਦੀ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰ ਹਰ ਘਰ ਦੇ ਬਾਹਰ ਨਿਸ਼ਾਨੀ ਲਗਾਏਗੀ । ਉਨ੍ਹਾਂ ਦਸਿਆ ਕਿ ਸਾਰੀਆਂ ਸਿਹਤ ਸੰਸਥਾਵਾਂ ਵਿਚ ਟੱਟੀਆਂ-ਉਲਟੀਆਂ ਦੇ ਰੋਗ ਦੀ ਰੋਕਥਾਮ ਲਈ ਯੋਗ ਪ੍ਰਬੰਧ ਕੀਤੇ ਜਾਣਗੇ ਅਤੇ ਹਰੇਕ ਸਿਹਤ ਕੇਂਦਰ ਵਿਖੇ ਓ.ਆਰ.ਐਸ ਅਤੇ ਜਿੰਕ ਕਾਰਨਰ ਬਣਾਏ ਜਾਣਗੇ । ਇਸ ਮੌਕੇ ਬੀ.ਈ.ਈ ਹਰਜਿੰਦਰ ਕੌਰ ਮੌਜੂਦ ਸਨ ।
ਅੰਤ ਵਿੱਚ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਫ਼ਾਈ ਦਾ ਧਿਆਨ ਰੱਖਿਆ ਜਾਵੇ, ਸੁਰੱਖਿਅਤ ਪਾਣੀ ਪੀਤਾ ਜਾਵੇ ਅਤੇ ਓਆਰਐਸ ਦੀ ਵਰਤੋਂ ਬਾਰੇ ਜਾਣਕਾਰੀ ਹਰ ਘਰ ਤੱਕ ਪਹੁੰਚਾਈ ਜਾਵੇ ਤਾਂ ਜੋ ਡਾਇਰੀਆ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।
- Download Babushahi App
-
-