“ਖੇਤ ਬਚਾਓ ਅਭਿਆਨ” ਤਹਿਤ ਜਾਗਰੁਕਤਾ ਕੈਂਪ ਦਾ ਆਯੋਜਨ
ਮਨਪ੍ਰੀਤ ਸਿੰਘ
ਰੂਪਨਗਰ 15 ਜੂਨ:
ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਰੋਪੜ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ “ਖੇਤ ਬਚਾਓ ਅਭਿਆਨ” ਤਹਿਤ ਮਿਤੀ 15.6.2026 ਨੂੰ ਪਿੰਡ ਹਰਸ਼ਾ ਬੇਲਾ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਨਿਰਦੇਸ਼ਕ ਪਸਾਰ ਸਿੱਖਿਆ,ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ, ਆਈ.ਸੀ.ਏ.ਆਰ.-ਅਟਾਰੀ, ਜ਼ੋਨ-1 ਅਤੇ ਡਾ. ਸਤਬੀਰ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ ਰੋਪੜ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ. ਜਗਮਨਜੋਤ ਸਿੰਘ ਮਾਨ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ), ਨੇ ਕਿਸਾਨ ਵੀਰਾਂ ਨੂੰ ਝੋਨੇ ਅਤੇ ਮੱਕੀ ਦੀ ਫ਼ਸਲ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਨੇ ਦੱਸਿਆ ਕਿ ਜੇਕਰ ਝੋਨੇ-ਕਣਕ ਫ਼ਸਲੀ ਚੱਕਰ ਵਿੱਚ ਫਾਸਫੋਰਸ ਦੀ ਸਿਫਾਰਿਸ਼ ਕੀਤੀ ਖਾਦ ਦੀ ਵਰਤੋਂ ਕੀਤੀ ਹੈ ਤਾਂ ਝੋਨੇ ਵਿੱਚ ਇਸ ਖਾਦ ਦੀ ਵਰਤੋਂ ਤੋਂ ਗੁਰੇਜ ਕਰੋ। ਝੋਨੇ ਵਿੱਚ ਲੋੜ ਮੁਤਾਬਕ ਯੂਰੀਆ ਖਾਦ, ਦਰਮਿਆਨੀ ਕਿਸਮਾਂ ਵਿੱਚ 7, 21 ਅਤੇ 42 ਦਿਨ ਅਤੇ ਘੱਟ ਸਮੇਂ ਦੀਆਂ ਕਿਸਮਾਂ ਜਿਵੇਂ ਕਿ ਪੀ. ਆਰ. 126 ਵਿੱਚ 7, 21 ਅਤੇ 35 ਦਿਨ ਤੇ ਪਾਓ। ਉਹਨਾਂ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਹੇਠ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਮੱਕੀ ਦੇ ਨਵੇਂ ਹਾਈਬ੍ਰਿਡ ਪੀ. ਐਮ. ਐਚ. 17 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਓਹਨਾਂ ਨੇ ਕਿਸਾਨਾਂ ਨੂੰ ਕੰਢੀ ਇਲਾਕੇ ਲਈ ਢੁੱਕਵੀਂ ਕਿਸਮ ਜੇ. ਸੀ. 12 ਲਗਾਉਣ ਲਈ ਪ੍ਰੇਰਿਤ ਕੀਤਾ। ਕਿਸਾਨ ਵੀਰਾਂ ਨੂੰ ਦੱਸਿਆ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਲਈ 17,500/- ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਡਾ. ਉਰਵੀ ਸ਼ਰਮਾ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਦੀ ਪਨੀਰੀ ਵਿੱਚ ਵ੍ਹਾਈਟ-ਬੈਕਡ ਪਲਾਂਟ ਹੌਪਰ (WBPH) ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲੋੜ ਪੈਣ ’ਤੇ ਸਮੇਂ ਸਿਰ ਸਿਫਾਰਸ਼ ਕੀਤੇ ਕੀਟਨਾਸ਼ਕ ਜਿਵੇਂ ਕਿ 94 mL ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਮ) ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਵਿੱਚੋਂ ਕਿਸੇ ਇੱਕ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰਨ।
ਕਿਸਾਨ ਵੀਰਾਂ ਨੂੰ ਦੱਸਿਆ ਗਿਆ ਕਿ ਮੱਕੀ ਦੀ ਫ਼ਸਲ ਨੂੰ ਫਾਲ ਆਰਮੀਵਰਮ ਕੀੜ੍ਹੇ ਤੋਂ ਬਚਾਉਣ ਲਈ ਖੇਤ ਦੀ ਨਿਯਮਤ ਨਿਗਰਾਨੀ ਕਰੋ। ਜੇਕਰ ਕੀੜ੍ਹੇ ਦਾ ਹਮਲਾ ਨਜ਼ਰ ਆਵੇ ਤਾਂ ਸਿਫ਼ਾਰਸ਼ ਅਨੁਸਾਰ ਕੋਰਾਜਨ 18.5 ਐਸ.ਸੀ. (ਕਲੋਰਐਂਟਰਾਨਿਲੀਪਰੋਲ) 0.4 ਮਿਲੀਲਿਟਰ ਜਾਂ ਡੈਲੀਗੇਟ 11.7 ਐਸ.ਸੀ. (ਸਪਾਈਨਟੋਰਮ) 0.5 ਮਿਲੀਲਿਟਰ ਜਾਂ ਮਿਜ਼ਾਈਲ 5 ਐਸ.ਜੀ. (ਐਮਾਮੈਕਟਿਨ ਬੈਂਜ਼ੋਏਟ) 0.4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਡਾ. ਸੰਜੀਵ ਅਹੂਜਾ, ਪ੍ਰੋਫੈਸਰ (ਸਬਜ਼ੀ ਵਿਗਿਆਨ), ਵੱਲੋਂ ਕਿਸਾਨਾਂ ਨੂੰ ਸਬਜ਼ੀ ਅਤੇ ਫ਼ਲਦਾਰ ਬੂਟਿਆਂ ਦੀ ਬਗੀਚੀ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ| ਓਹਨਾਂ ਨੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਬਜ਼ੀ ਅਤੇ ਫ਼ਲਦਾਰ ਬੂਟਿਆਂ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ| ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨ ਵੀਰਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ|
ਪ੍ਰੋਗਰਾਮ ਦੇ ਅੰਤ ਵਿੱਚ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਜਾ ਕੇ ਸਮੱਸਿਆਂਵਾਂ ਦਾ ਮੋਕੇ ਤੇ ਹੱਲ ਕੀਤਾ ਗਿਆ।
- Download Babushahi App
-
-