ਦਿੱਲੀ ਦੀ ਮਾਡਲ ਬੋਲੀ- 'ਡਾਇਰੈਕਟਰ ਨੇ ਲੁਧਿਆਣਾ ਬੁਲਾ ਕੇ ਕਿਹਾ- ਰਾਤ ਬਿਤਾਓ, ਫਿਰ ਹੀ ਹੋਵੇਗਾ ਗਾਣਾ ਸ਼ੂਟ'
ਬਾਬੂਸ਼ਾਹੀ ਬਿਊਰੋ
ਲੁਧਿਆਣਾ, 17 ਜੂਨ (2026): ਪੰਜਾਬੀ ਸੰਗੀਤ ਜਗਤ (Punjabi Music Industry) ਵਿੱਚ ਚਮਕ-ਦਮਕ ਦੇ ਪਿੱਛੇ ਛਿਪੇ ਇੱਕ ਬੇਹੱਦ ਕੌੜੇ ਅਤੇ ਸਸਪੈਂਸਿਵ ਸੱਚ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਦੀ ਪ੍ਰਸਿੱਧ ਮਾਡਲ ਨੇ ਇੰਡਸਟਰੀ ਦੇ ਕੁਝ ਨਿਰਦੇਸ਼ਕਾਂ, ਨਿਰਮਾਤਾਵਾਂ ਅਤੇ ਗਾਇਕਾਂ 'ਤੇ 'ਕਾਸਟਿੰਗ ਕਾਊਚ' (Casting Couch) ਅਤੇ ਬਿਨਾਂ ਸਹਿਮਤੀ ਦੇ ਬੋਲਡ ਸੀਨ ਫਿਲਮਾਉਣ ਦੇ ਬੇਹੱਦ ਗੰਭੀਰ ਤੇ ਸਨਸਨੀਖੇਜ਼ ਦੋਸ਼ ਲਗਾਏ ਹਨ। ਮਾਡਲ ਨੇ ਖੁਲਾਸਾ ਕੀਤਾ ਹੈ ਕਿ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਸ ਨੂੰ ਇੱਕ ਪੰਜਾਬੀ ਗੀਤ ਦੀ ਸ਼ੂਟਿੰਗ ਦੇ ਬਹਾਨੇ ਲੁਧਿਆਣਾ ਬੁਲਾਇਆ ਗਿਆ ਸੀ, ਜਿੱਥੇ ਹੋਟਲ ਦੇ ਕਮਰੇ ਵਿੱਚ ਅੱਧੀ ਰਾਤ ਨੂੰ ਪਹੁੰਚ ਕੇ ਡਾਇਰੈਕਟਰ ਨੇ ਉਸ ਦੇ ਸਾਹਮਣੇ ਗੰਦੀ ਸ਼ਰਤ ਰੱਖ ਦਿੱਤੀ ਕਿ ਗਾਣਾ ਤਾਂ ਹੀ ਸ਼ੂਟ ਹੋਵੇਗਾ ਜੇਕਰ ਉਹ ਉਸ ਨਾਲ ਰਾਤ ਬਿਤਾਏਗੀ ਅਤੇ ਸਰੀਰਕ ਸਬੰਧ (Sex) ਬਣਾਏਗੀ।
ਮਾਡਲ ਮੁਤਾਬਕ ਇਹ ਘਟਨਾ ਸਾਲ 2020 ਦੀ ਹੈ ਜਦੋਂ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸੀ। ਨਿਰਦੇਸ਼ਕ ਨੇ ਉਸ ਨੂੰ ਸਵੇਰੇ ਜਲਦੀ ਸ਼ੂਟਿੰਗ ਦਾ ਬਹਾਨਾ ਬਣਾ ਕੇ ਇੱਕ ਦਿਨ ਪਹਿਲਾਂ ਲੁਧਿਆਣਾ ਦੇ ਇੱਕ ਹੋਟਲ ਵਿੱਚ ਠਹਿਰਾਇਆ ਅਤੇ ਦੇਰ ਰਾਤ 'ਪਹਿਰਾਵਾ (Costume) ਚੈੱਕ ਕਰਨ' ਦੇ ਬਹਾਨੇ ਕਮਰੇ ਵਿੱਚ ਆ ਕੇ ਸਮਝੌਤਾ (Compromise) ਕਰਨ ਦਾ ਦਬਾਅ ਪਾਇਆ। ਮਾਡਲ ਨੇ ਦੱਸਿਆ ਕਿ ਉਹ ਕੰਮ ਵੀ ਨਹੀਂ ਸੀ ਗੁਆਉਣਾ ਚਾਹੁੰਦੀ ਅਤੇ ਆਪਣੀ ਇੱਜ਼ਤ ਵੀ ਬਚਾਉਣਾ ਚਾਹੁੰਦੀ ਸੀ, ਇਸ ਲਈ ਉਸ ਨੇ ਅਗਲੇ ਦਿਨ ਸ਼ੂਟਿੰਗ ਪੂਰੀ ਕੀਤੀ ਅਤੇ ਸ਼ਾਮ ਨੂੰ ਚਲਾਕੀ ਨਾਲ ਆਪਣੇ ਪਤੀ ਨੂੰ ਉੱਥੇ ਬੁਲਾ ਲਿਆ। ਇਸ ਗੱਲ ਤੋਂ ਖਿੱਝ ਕੇ ਨਿਰਦੇਸ਼ਕ ਨੇ ਉਹ ਗਾਣਾ ਰਿਲੀਜ਼ ਹੀ ਨਹੀਂ ਕੀਤਾ, ਜਿਸ ਨੂੰ ਬਾਅਦ ਵਿੱਚ ਮਾਡਲ ਨੇ ਖ਼ੁਦ ਆਪਣੇ ਪੈਸੇ ਖ਼ਰਚ ਕਰਕੇ ਰਿਲੀਜ਼ ਕਰਵਾਇਆ।
ਇਸ ਤੋਂ ਇਲਾਵਾ ਮਾਡਲ ਨੇ 2021 ਵਿੱਚ ਫਗਵਾੜਾ ਦੇ ਇੱਕ ਸਵੀਮਿੰਗ ਪੂਲ 'ਚ ਸ਼ੂਟ ਹੋਏ ਦੂਜੇ ਗੀਤ ਦੀ ਵੀ ਇੱਕ ਕਹਾਣੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਸ਼ੂਟ ਦੌਰਾਨ ਨਿਰਦੇਸ਼ਕ ਅਤੇ ਕੈਮਰਾਮੈਨ ਨੇ ਉਸ ਨੂੰ ਧੋਖੇ ਵਿੱਚ ਰੱਖ ਕੇ, ਉਸ ਦੀ ਬਿਨਾਂ ਸਹਿਮਤੀ ਦੇ ਬਹੁਤ ਹੀ ਗਲਤ ਐਂਗਲਾਂ ਤੋਂ ਬੋਲਡ ਅਤੇ ਕਲੋਜ਼-ਅੱਪ ਸ਼ਾਟਸ (Close-up Shots) ਲਏ। ਇਸੇ ਦੌਰਾਨ ਗਾਇਕ ਨੇ ਵੀ ਉਸ ਨਾਲ ਜ਼ਬਰਦਸਤੀ ਛੂਹਣ ਅਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਉਸ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਬਾਅਦ ਵਿੱਚ ਨਿਰਦੇਸ਼ਕ ਨੇ ਉਸ ਨੂੰ ਬਿਨਾਂ ਦਿਖਾਏ ਉਹ ਬੋਲਡ ਵੀਡੀਓ ਯੂਟਿਊਬ (YouTube) 'ਤੇ ਰਿਲੀਜ਼ ਕਰ ਦਿੱਤੀ, ਜਿਸ 'ਤੇ ਸਿਰਫ਼ 5 ਦਿਨਾਂ ਵਿੱਚ ਇੱਕ ਲੱਖ ਵਿਊਜ਼ ਆ ਗਏ। ਜਦੋਂ ਮਾਡਲ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਕਾਨੂੰਨੀ ਕਾਰਵਾਈ (Legal Action) ਦੀ ਧਮਕੀ ਦਿੱਤੀ, ਜਿਸ ਮਗਰੋਂ ਉਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰਨਾ ਪਿਆ। ਮਾਡਲ ਨੇ ਕਿਹਾ ਕਿ ਅਜਿਹਾ ਸਿਰਫ਼ ਪੰਜਾਬ ਵਿੱਚ ਨਹੀਂ, ਬਲਕਿ ਹਰਿਆਣਾ ਤੋਂ ਲੈ ਕੇ ਮੁੰਬਈ ਤੱਕ ਹਰ ਜਗ੍ਹਾ ਹੁੰਦਾ ਹੈ ਅਤੇ ਉਹ ਇਹ ਖੁਲਾਸਾ ਇਸ ਲਈ ਕਰ ਰਹੀ ਹੈ ਤਾਂ ਜੋ ਇੰਡਸਟਰੀ ਵਿੱਚ ਆਉਣ ਵਾਲੀਆਂ ਨਵੀਆਂ ਕੁੜੀਆਂ ਸੁਚੇਤ ਰਹਿਣ ਅਤੇ ਆਪਣੇ ਕਿਰਦਾਰ ਦੀ ਰੱਖਿਆ ਕਰ ਸਕਣ।
ਪੰਜਾਬੀ ਵੀਡੀਓ 'ਚ ਮਾਡਲ ਨੂੰ 'ਮੇਜ਼' ਬਣਾਉਣ ਦਾ ਵਿਵਾਦ
ਇਸੇ ਤਰ੍ਹਾਂ ਦਾ ਇੱਕ ਹੋਰ ਵਿਵਾਦ ਪੰਜਾਬੀ ਗਾਇਕ ਦੇ ਨਵੇਂ ਐਲਬਮ ਇੱਕ ਵੀਡੀਓ ਸੀਨ ਨੂੰ ਲੈ ਕੇ ਲਗਾਤਾਰ ਗਰਮਾਇਆ ਹੋਇਆ ਹੈ। ਇਸ ਵੀਡੀਓ ਵਿੱਚ ਮਾਡਲ ਅਤੇ ਅਦਾਕਾਰਾ ਨੂੰ ਕਥਿਤ ਤੌਰ 'ਤੇ ਇੱਕ 'ਮੇਜ਼' (Dining Table) ਵਜੋਂ ਵਰਤਿਆ ਗਿਆ ਸੀ, ਜਿਸ ਦੇ ਉੱਪਰ ਖਾਣਾ ਰੱਖ ਕੇ ਗਾਇਕ ਵੱਲੋਂ ਖਾਧਾ ਗਿਆ। ਹੁਣ ਮਾਡਲ ਨੇ ਇੱਕ ਪੋਡਕਾਸਟ ਇੰਟਰਵਿਊ (Podcast Interview) ਵਿੱਚ ਖੁੱਲ੍ਹ ਕੇ ਸਾਹਮਣੇ ਆਉਂਦਿਆਂ ਮਿਊਜ਼ਿਕ ਵੀਡੀਓ ਦੇ ਮੇਕਰਸ ਅਤੇ ਡਾਇਰੈਕਟਰ 'ਤੇ ਗੰਭੀਰ ਦੋਸ਼ ਲਗਾਏ ਹਨ। ਮਾਡਲ ਦਾ ਕਹਿਣਾ ਹੈ ਕਿ ਸ਼ੂਟਿੰਗ ਦੌਰਾਨ ਪੂਰੀ ਕਹਾਣੀ ਨੂੰ ਬਦਲ ਦਿੱਤਾ ਗਿਆ ਸੀ ਅਤੇ ਉਸ ਨੂੰ ਧੋਖੇ ਵਿੱਚ ਰੱਖ ਕੇ ਇਹ ਵਿਵਾਦਪੂਰਨ ਸੀਨ ਫਿਲਮਾਇਆ ਗਿਆ, ਜਿਸ ਨਾਲ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ।