Canada 'ਚ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਖਾਲਿਸਤਾਨੀ ਸਮਰਥਕਾਂ ਦਾ ਹੰਗਾਮਾ; ਪੰਨੂ ਨੇ ਦਿੱਤੀ 'ਟਾਰਗੇਟ' ਕਰਨ ਦੀ ਧਮਕੀ
Babushahi Network
ਵੈਨਕੂਵਰ/ਕੈਨੇਡਾ 27 ਅਪ੍ਰੈਲ 2026: ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਅਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਖਾਲਿਸਤਾਨ ਸਮਰਥਕਾਂ ਨੇ ਪ੍ਰੋਗਰਾਮ ਵਿੱਚ ਖ਼ਲਲ ਪਾਉਂਦਿਆਂ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। 'ਸਿੱਖ ਫਾਰ ਜਸਟਿਸ' (SFJ) ਦੇ ਮੁਖੀ ਗੁਰਪਤਵੰਤ ਪੰਨੂ ਨੇ ਕਥਿਤ ਤੌਰ 'ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਦਿਲਜੀਤ ਦੋਸਾਂਝ ਵਿਰੁੱਧ ਜ਼ਹਿਰ ਉਗਲਿਆ ਹੈ।
ਪੰਨੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵਾਲੇ ਦੋਸਾਂਝ ਹੁਣ ਉਨ੍ਹਾਂ ਦੇ ਨਿਸ਼ਾਨੇ 'ਤੇ ਹਨ। ਪੰਨੂ ਨੇ ਦੋਸ਼ ਲਾਇਆ, ਦੋਸਾਂਝ ਆਪਣੇ ਕੈਨੇਡਾ ਅਤੇ ਅਮਰੀਕਾ ਟੂਰ ਰਾਹੀਂ RSS ਅਤੇ BJP ਦੇ ਅਕਸ ਨੂੰ ਸੁਧਾਰਨ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਕਥਿਤ ਭੂਮਿਕਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪੰਨੂ ਨੇ ਧਮਕੀ ਦਿੱਤੀ ਹੈ ਕਿ ਜੋ ਹੰਗਾਮਾ ਵੈਨਕੂਵਰ ਵਿੱਚ ਸ਼ੁਰੂ ਹੋਇਆ ਹੈ, ਉਹ ਦਿਲਜੀਤ ਦੇ ਬਾਕੀ ਸ਼ੋਅਜ਼ ਵਿੱਚ ਵੀ ਜਾਰੀ ਰਹੇਗਾ। ਉਸ ਨੇ ਕਿਹਾ ਕਿ ਖਾਲਿਸਤਾਨ ਸਮਰਥਕ ਕੈਲਗਰੀ, ਐਡਮੰਟਨ, ਵਿਨੀਪੈਗ, ਟੋਰਾਂਟੋ, ਇਲੀਨੋਇਸ, ਫਲੋਰੀਡਾ, ਟੈਕਸਾਸ, ਨਿਊਯਾਰਕ ਅਤੇ ਕੈਲੀਫੋਰਨੀਆ ਵਿੱਚ ਵੀ ਦੋਸਾਂਝ ਦਾ ਵਿਰੋਧ ਕਰਨਗੇ।
ਉਧਰ ਦੂਜੇ ਪਾਸੇ ਐਸਜੀਪੀਸੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਹੋਏ ਵਿਰੋਧ ਦੀ ਨਿੰਦਾ ਕੀਤੀ ਗਈ ਅਤੇ ਕਿਹਾ ਕਿ ਦਿਲਜੀਤ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਿਰ ਦੁਨੀਆ ਭਰ ਵਿੱਚ ਉੱਚਾ ਚੁੱਕਿਆ ਹੈ। ਉਨ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਸਗੋਂ ਸਤਿਕਾਰ ਸਹਿਤ ਸਵਾਗਤ ਕਰਨਾ ਚਾਹੀਦਾ ਹੈ। ਦਿਲਜੀਤ ਨੇ ਸਾਡੀ ਪੱਗ ਦੀ ਪਛਾਣ ਨੂੰ ਦੁਨੀਆ ਭਰ ਵਿੱਚ ਲਿਜਾ ਕੇ, ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। ਹਾਲਾਂਕਿ ਗਰੇਵਾਲ ਨੇ ਇਸ ਘਟਨਾ ਦੇ ਨਾਲ ਹੀ ਦਿਲਜੀਤ ਦੀ ਫਿਲਮ 95 ਦਾ ਵੀ ਜਿਕਰ ਕੀਤਾ ਅਤੇ ਕਿਹਾ ਕਿ ਭਾਰਤ ਸਰਕਾਰ ਨੇ ਦਿਲਜੀਤ ਦੀ ਇਹ ਫਿਲਮ ਰੋਕ ਕੇ ਪੰਜਾਬ ਦੇ ਨਾਲ ਧੱਕਾ ਕੀਤਾ ਹੈ।
ਪਹਿਲਾਂ ਵੀ SFJ ਦੇ ਨਿਸ਼ਾਨੇ 'ਤੇ ਰਹੇ ਹਨ ਦਿਲਜੀਤ
ਇਹ ਪਹਿਲੀ ਵਾਰ ਨਹੀਂ ਹੈ ਜਦੋਂ SFJ ਨੇ ਦਿਲਜੀਤ ਦੋਸਾਂਝ ਨੂੰ ਨਿਸ਼ਾਨਾ ਬਣਾਇਆ ਹੋਵੇ। ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ 'ਕੌਣ ਬਣੇਗਾ ਕਰੋੜਪਤੀ' (KBC) ਦੇ ਸੈੱਟ 'ਤੇ ਅਮਿਤਾਭ ਬੱਚਨ ਦੇ ਪੈਰ ਛੂਹਣ ਕਾਰਨ ਵੀ ਪੰਨੂ ਨੇ ਦਿਲਜੀਤ ਦਾ ਵਿਰੋਧ ਕੀਤਾ ਸੀ। ਪੰਨੂ ਦਾ ਦਾਅਵਾ ਸੀ ਕਿ 1984 ਦੇ ਸਿੱਖ ਕਤਲੇਆਮ ਦੇ ਕਥਿਤ ਦੋਸ਼ੀਆਂ ਪ੍ਰਤੀ ਸਤਿਕਾਰ ਦਿਖਾ ਕੇ ਦਿਲਜੀਤ ਨੇ ਪੀੜਤਾਂ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸ਼ੋਅਜ਼ ਨੂੰ ਵੀ ਰੋਕਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। (GP)