ਹਲਕਾ MLA ਨੇ ਨੈਸ਼ਨਲ ਅਵਾਰਡੀ ਅਧਿਆਪਕ ਰਾਜਿੰਦਰ ਸਿੰਘ ਗੋਨਿਆਣਾ ਦਾ ਕੀਤਾ ਸਨਮਾਨ
ਅਸ਼ੋਕ ਵਰਮਾ
ਬਠਿੰਡਾ,21 ਮਾਰਚ2025: ਸ਼ਹਿਰ ਦੇ ਬਚਪਨ ਪਲੇਅ ਵੇਅ ਸਕੂਲ ਵੱਲੋਂ ਸਕੂਲ ਦੇ ਸਲਾਨਾ ਸਮਾਗਮ ਮੌਕੇ ਬਠਿੰਡਾ ਜਿ਼ਲ੍ਹੇ ਨੇ ਪਹਿਲੇ ਨੈਸ਼ਨਲ ਅਵਾਰਡ ਜੇਤੂ ਅਧਿਆਪਕ ਰਾਜਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਚਪਨ ਸਕੂਲ ਦੇ ਸਲਾਨਾ ਸਮਾਗਮ ਦੌਰਾਨ ਮਾਸਟਰ ਜਗਸੀਰ ਸਿੰਘ ਹਲਕਾ ਵਿਧਾਇਕ ਭੁੱਚੋ ਮੰਡੀ ਅਤੇ ਜਤਿੰਦਰ ਭੱਲਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਬਠਿੰਡਾ ਮੁੱਖ ਮਹਿਮਾਨ ਸਨ । ਸਕੂਲ ਮੁਖੀ ਸੁਰਿੰਦਰਪਾਲ ਮੌਂਗਾ ਅਤੇ ਬਵਨੀਸ਼ ਮੌਂਗਾ ਨੇ ਦੱਸਿਆ ਕਿ ਅਧਿਆਪਕ ਰਾਜਿੰਦਰ ਸਿੰਘ ਬਹੁਤ ਹੀ ਮਿਹਨਤੀ ਅਧਿਆਪਕ ਹੋਣ ਦੇ ਨਾਲ ਨਾਲ ਇੱਕ ਨੇਕ ਦਿਲ ਇਨਸਾਨ ਵੀ ਹਨ, ਜਿੰਨਾਂ ਨੇ ਆਪਣੀ ਸਖ਼ਤ ਮਿਹਨਤ ਰਾਹੀਂ ਸਰਕਾਰੀ ਸਕੂਲਾਂ ਦਾ ਵੱਡੀ ਪੱਧਰ ਤੇ ਸੁਧਾਰ ਕੀਤਾ ਹੈ ਅਤੇ ਵਿਦਿਆਰਥੀਆਂ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਬਹੁਤ ਵਧੀਆ ਰੋਲ ਅਦਾ ਕੀਤਾ ਹੈ।
ਇਸ ਦੇ ਚਲਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕ ਰਾਜਿੰਦਰ ਸਿੰਘ ਨੂੰ ਸਰਵ ਸ੍ਰੇਸ਼ਟ ਅਧਿਆਪਕ ਵਜੋਂ ਕੌਮੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਰਾਜਿੰਦਰ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਗੋਨਿਆਣਾ ਸ਼ਹਿਰ ਦਾ ਨਾਮ ਨਾ ਸਿਰਫ਼ ਪੂਰੇ ਭਾਰਤ ਵਿੱਚ ਰੌਸ਼ਨ ਹੋਇਆ ਹੈ, ਸਗੋਂ ਇਸ ਦੇ ਨਾਲ ਹੋਰਨਾਂ ਅਧਿਆਪਕਾਂ ਨੂੰ ਵੀ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ।ਸਮਾਗਮ ਦੌਰਾਨ ਮੁੱਖ ਮਹਿਮਾਨਾਂ ਅਤੇ ਸਕੂਲ ਮੈਨੇਜਮੈਂਟ ਵੱਲੋਂ ਅਧਿਆਪਕ ਰਾਜਿੰਦਰ ਸਿੰਘ ਨੂੰ ਵਿਸੇ਼ਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਸਾਰ ਦੀ ਸਭ ਤੋਂ ਛੋਟੇ ਕੱਦ ਦੀ ਔਰਤ ਵਜੋਂ ਗਿੰਨੀਜ਼ ਵਿਸ਼ਵ ਰਿਕਾਰਡ ਹੋਲਡਰ ਜੋਤੀ ਕਿਸ਼ਨ ਐੱਮਗੇ, ਭੰਗੜਾ ਯੂ ਟਿਊਬਰ ਰਾਜਿੰਦਰ ਸਿੰਘ, ਸੱਤਪਾਲ ਸੱਤੀ ਅਤੇ ਸ਼ਹਿਰ ਦੇ ਮੋਹਤਬਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।