ਨਗਰ ਕੀਰਤਨ 'ਚ ਖਲਲ, ਕਿਹਾ, ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦਿਓ-ਇਹ ਸਾਡੀ ਧਰਤੀ ਹੈ
ਨਿਊਜ਼ੀਲੈਂਡ ਦੇ ਵਿਚ ਚੱਲ ਰਹੇ ਨਗਰ ਕੀਰਤਨ ਦੇ ਸਾਹਮਣੇ ਆ ਕੇ ਹਾਕਾ ਕੀਤਾ ਗਿਆ
-ਪੋਸਟ ਵਿਚ ਲਿਖਿਆ: ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦਿਓ-ਇਹ ਸਾਡੀ ਧਰਤੀ ਹੈ। ਇਹ ਸਾਡਾ ਸਟੈਂਡ ਹੈ।
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 20 ਦਸੰਬਰ 2025:-ਅੱਜ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਿਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜ੍ਹਾਅ ’ਤੇ ਜਾ ਕੇ ਇਕ ਸਾਈਡ ਵਾਲੇ ਪਾਸੇ ਤੋਂ 30-35 ਸਥਾਨਿਕ ਗਰੁੱਪ ਦੇ ਨੌਜਵਾਨ ਮੁੰਡੇ ਸਾਹਮਣੇ ਆ ਗਏ। ਉਨ੍ਹਾਂ ਨੇ ਆ ਕੇ ਹਾਕਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਰਸਤਾ ਵੀ ਰੋਕੀ ਰੱਖਿਆ। ਸਿੱਖ ਸੰਗਤਾਂ ਇਸ ਮਾਹੌਲ ਵਿਚ ਸ਼ਾਂਤੀ ਬਣਾਈ ਰੱਖੀ। ਪਤਾ ਲੱਗਾ ਹੈ ਕਿ ਇਸ ਮੌਕੇ ਸਿੱਖ ਕਮਿਊਨਿਟੀ ਦੇ ਕਈ ਆਗੂ ਵੀ ਉਥੇ ਹਾਜ਼ਿਰ ਸਨ ਪੁਲਿਸ ਦੀ ਵੀ ਇਹੀ ਸਲਾਹ ਸੀ ਕਿ ਕਿਸੀ ਤਰ੍ਹਾਂ ਦੇ ਟਕਰਾਓ ਵਿਚ ਨਾ ਪਿਆ ਜਾਵੇ। ਸ. ਸੰਨੀ ਸਿੰਘ ਨੇ ਦੱਸਿਆ ਕਿ ਇਸ ਮੌਕੇ ਨੂੰ ਬੜੇ ਤਰੀਕੇ ਨਾਲ ਸਾਂਭਿਆ ਗਿਆ। ਜੇਕਰ ਕਿਸੇ ਤਰ੍ਹਾਂ ਦੀ ਕੋਈ ਤਿੱਖੀ ਬਹਿਸ ਹੋ ਜਾਂਦੀ ਤਾਂ ਮਾਹੌਲ ਖਰਾਬ ਹੋ ਸਕਦਾ ਸੀ। ਬਾਅਦ ਵਿਚ ਹੋਰ ਪੁਲਿਸ ਵੀ ਆਈ ਅਤੇ ਉਸ ਗਰੁੱਪ ਦੇ ਸਾਈਡ ਉਤੇ ਹੋਣ ਉਤੇ ਨਗਰ ਕੀਰਤਨ ਸਮਾਪਤੀ ਵੱਲ ਵਧਿਆ।