Canada: ਲੋਕ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਵਿਚ ਸਾਹਿਤਕ ਸਮਾਗਮ
ਹਰਦਮ ਮਾਨ
ਸਰੀ, 21 ਅਕਤੂਬਰ 2025-ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕਨੇਡਾ ਵੱਲੋਂ ਗੁਰਦਾਸ ਰਾਮ ਆਲਮ ਦੀ ਨਿੱਘੀ ਯਾਦ ਵਿੱਚ ਗਿਆਰਵਾਂ ਸਾਹਿਤਕ ਸਮਾਗਮ ਬੀਤੇ ਐਤਵਾਰ ਸੀਨੀਅਰ ਸਿਟੀਜ਼ਨ ਸੈਂਟਰ ਸਰੀ-ਡੈਲਟਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ, ਇੰਦਰਜੀਤ ਕੌਰ ਸਿੱਧੂ, ਜਸਵਿੰਦਰ ਭੱਲਾ, ਚਰਨਜੀਤ ਅਹੂਜਾ, ਕਰਮਜੀਤ ਬੱਗਾ ਅਤੇ ਰਿੱਕੀ ਕੇਪੀ ਅਤੇ ਰਾਜਵੀਰ ਸਿੰਘ ਜਵੰਦਾ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।
ਉਪਰੰਤ ਦਰਸ਼ਨ ਸਿੰਘ ਅਟਵਾਲ ਨੇ ਗੁਰਦਾਸ ਰਾਮ ਆਲਮ ਦੀ ਕਵਿਤਾ ‘ਤਾਸੀਰ’ ਅਤੇ ਮਲੂਕ ਚੰਦ ਕਲੇਰ ਦੀ ਕਵਿਤਾ ਹੀਰ ਦੀ ਤਰਜ ‘ਤੇ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੀ। ਕੌਮਾਂਤਰੀ ਪੱਧਰ ਦੇ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਨੇ ਆਪਣਾ ਇੱਕ ਗੀਤ ‘ਜ਼ਿੰਦਗੀ’ ਉੱਚੀ ਸੁਰੀਲੇ ਸੁਰ ਵਿੱਚ ਗਾਇਆ। ਉਲਫਤ ਬਾਜਵਾ ਦੀ ਗਜ਼ਲ ‘ਜਾਗ ਪਿਆ ਹਾਂ ਪੱਤਿਆਂ ਦੀ ਖੜ ਖੜ ਦੇ ਨਾਲ’ ਹਰਚੰਦ ਸਿੰਘ ਗਿੱਲ ਨੇ ਤਰੰਨੁਮ ਵਿੱਚ ਪੇਸ਼ ਕੀਤੀ।
ਸਮਾਗਮ ਦੇ ਦੂਜੇ ਭਾਗ ਵਿੱਚ ਜ਼ਿੰਦਗੀ ਬਾਰੇ ਵਿਚਾਰ ਚਰਚਾ ਹੋਈ ਜਿਸ ਵਿੱਚ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਵਿਚਾਰ ਚਰਚਾ ਵਿੱਚ ਟੀਵੀ ਹੋਸਟ ਮਨਮੋਹਨ ਸਿੰਘ ਸਮਰਾ ਅਤੇ ਕੈਪਟਨ ਜੀਤ ਮਹਿਰਾ ਵੀ ਸ਼ਾਮਿਲ ਹੋਏ। ਸਮੁੱਚੇ ਸਮਾਗਮ ਉੱਪਰ ਕਿਰਪਾਲ ਸਿੰਘ ਜੌਹਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ. ਨਿਰਮਲ ਗਿੱਲ, ਦਵਿੰਦਰ ਕੌਰ ਜੌਹਲ, ਰਮਨੀ, ਕੈਮਰਨ, ਗੁਰਸ਼ਰਨ ਸਿੰਘ, ਚੌਧਰੀ ਸੁਸ਼ੀਲ, ਸਰਬਜੀਤ ਸਿੰਘ, ਲਹਿੰਬਰ ਸਿੰਘ ਕੰਦੋਲਾ, ਬਖਸ਼ੀਸ਼ ਸਿੰਘ, ਅਵਤਾਰ ਸਿੰਘ ਜਸਵਾਲ, ਗੁਰਮੇਲ ਸਿੰਘ ਧਾਲੀਵਾਲ, ਬਲਦੇਵ ਸਿੰਘ ਢਿੱਲੋਂ, ਸਰਬਜੀਤ ਸਿੰਘ ਬਾਸੀ, ਬਲਵੀਰ ਸਿੰਘ ਢਿੱਲੋਂ ਅਤੇ ਜੋਗਾ ਸਿੰਘ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਸੰਸਥਾਪਕ ਪ੍ਰਿੰ. ਮਲੂਕ ਚੰਦ ਕਲੇਰ ਨੇ ਬਾਖੂਬੀ ਕੀਤਾ। ਅੰਤ ਵਿਚ ਸੀਨੀਅਰ ਸਿਟੀਜ਼ਨ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸਮਾਗਮ ਵਿੱਚ ਹਾਜ਼ਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।