ਭਾਰਤੀ ਮੂਲ ਦੇ ਡਿਜੀਟਲ ਐਕਸਪਰਟ ਨਿਖਿਲ ਰਵੀਸ਼ੰਕਰ ਬਣੇ Air New Zealand ਦੇ CEO, ਰਚਿਆ ਇਤਿਹਾਸ
ਬਾਬੂਸ਼ਾਹੀ ਬਿਊਰੋ
ਆਕਲੈਂਡ, 20 ਅਕਤੂਬਰ 2025 (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਅੱਜ, 20 ਅਕਤੂਬਰ 2025, ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਦੇਸ਼ ਦਾ ਮਾਣ ਮੰਨੀ ਜਾਣ ਵਾਲੀ 'ਏਅਰ ਨਿਊਜ਼ੀਲੈਂਡ' (Air New Zealand) ਦੇ CEO ਵਜੋਂ ਪਹਿਲੀ ਵਾਰ ਕਿਸੇ ਭਾਰਤੀ, ਨਿਖਿਲ ਰਵੀਸ਼ੰਕਰ, ਨੂੰ ਨਿਯੁਕਤ ਕੀਤਾ ਗਿਆ ਹੈ। ਅੱਜ ਉਨ੍ਹਾਂ ਨੂੰ ਰਸਮੀ ਤੌਰ 'ਤੇ ਇਸ ਅਹੁਦੇ 'ਤੇ ਬਿਰਾਜਮਾਨ ਕਰ ਦਿੱਤਾ ਗਿਆ।
ਇਸ ਨਵੀਂ ਭੂਮਿਕਾ ਵਿੱਚ, ਉਹ ਦੁਨੀਆ ਭਰ ਵਿੱਚ ਏਅਰਲਾਈਨ ਦੇ 11,600 ਟੀਮ ਮੈਂਬਰਾਂ ਦੀ ਅਗਵਾਈ ਕਰਨਗੇ। ਨਿਖਿਲ ਨੇ ਗ੍ਰੇਗ ਫੋਰਨ (Greg Foran) ਦੀ ਥਾਂ ਲਈ ਹੈ।
ਡਿਜੀਟਲ ਐਕਸਪਰਟ ਤੋਂ CEO ਤੱਕ ਦਾ ਸਫ਼ਰ
ਨਿਖਿਲ ਰਵੀਸ਼ੰਕਰ 2021 ਤੋਂ ਏਅਰ ਨਿਊਜ਼ੀਲੈਂਡ ਨਾਲ ਚੀਫ਼ ਡਿਜੀਟਲ ਅਫ਼ਸਰ ਵਜੋਂ ਜੁੜੇ ਹੋਏ ਸਨ। ਇਸ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੇ ਕਈ ਵੱਡੇ ਅਤੇ ਸਫ਼ਲ ਬਦਲਾਵਾਂ ਦੀ ਅਗਵਾਈ ਕੀਤੀ। ਉਨ੍ਹਾਂ ਨੇ ਏਅਰਲਾਈਨ ਦੇ ਕੋਵਿਡ ਰੀਸਟਾਰਟ ਪ੍ਰੋਗਰਾਮ (Covid Restart Program), ਏਅਰਲਾਈਨ ਦੇ ਟੈਕਨਾਲੋਜੀ ਬੈਕਬੋਨ (Technology Backbone), ਵਫ਼ਾਦਾਰੀ ਪ੍ਰੋਗਰਾਮ (Loyalty Program) ਅਤੇ ਗਾਹਕ ਪਲੇਟਫਾਰਮਾਂ (Customer Platforms) ਵਿੱਚ ਪ੍ਰਮੁੱਖ ਤਕਨੀਕੀ ਸੁਧਾਰਾਂ ਦੀ ਨਿਗਰਾਨੀ ਕੀਤੀ ਹੈ।
ਸ਼ਾਨਦਾਰ ਰਿਹਾ ਹੈ ਪਿਛਲਾ ਕਰੀਅਰ
ਏਅਰ ਨਿਊਜ਼ੀ"ਲੈਂਡ ਤੋਂ ਪਹਿਲਾਂ, ਨਿਖਿਲ 'ਵੈਕਟਰ ਲਿਮਿਟੇਡ' (Vector Limited) ਵਿੱਚ ਮੁੱਖ ਡਿਜੀਟਲ ਅਧਿਕਾਰੀ ਸਨ, ਜਿੱਥੇ ਉਨ੍ਹਾਂ ਨੇ ਕੰਪਨੀ ਦੇ ਡਿਜੀਟਲ ਅਤੇ ਸੂਚਨਾ ਤਕਨਾਲੋਜੀ (Information Technology) ਪਰਿਵਰਤਨ ਦੀ ਅਗਵਾਈ ਕੀਤੀ। ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ, ਉਨ੍ਹਾਂ ਨੇ ਹਾਂਗਕਾਂਗ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ 'ਐਕਸੈਂਚਰ' (Accenture) ਵਰਗੀ ਗਲੋਬਲ ਕੰਪਨੀ ਨਾਲ MD ਵਜੋਂ ਛੇ ਸਾਲ ਬਿਤਾਏ। ਇਸ ਤੋਂ ਇਲਾਵਾ ਨਿਖਿਲ 'ਸਪਾਰਕ ਨਿਊਜ਼ੀਲੈਂਡ' (Spark New Zealand) ਵਿੱਚ ਵੀ ਸੀਨੀਅਰ ਤਕਨਾਲੋਜੀ (Senior Technology) ਭੂਮਿਕਾਵਾਂ ਵਿੱਚ ਕੰਮ ਕਰ ਚੁੱਕੇ ਹਨ।
ਸਿੱਖਿਆ ਅਤੇ ਹੋਰ ਜ਼ਿੰਮੇਵਾਰੀਆਂ
ਨਿਖਿਲ ਨੇ ਆਕਲੈਂਡ ਯੂਨੀਵਰਸਿਟੀ (University of Auckland) ਤੋਂ 'ਕੰਪਿਊਟਰ ਸਾਇੰਸ ਵਿੱਚ ਬੈਚਲਰ ਆਫ਼ ਸਾਇੰਸ' ਅਤੇ 'ਬੈਚਲਰ ਆਫ਼ ਕਾਮਰਸ (ਆਨਰਜ਼)' ਦੀ ਡਿਗਰੀ ਹਾਸਲ ਕੀਤੀ ਹੈ। ਉਹ ਯੂਨੀਵਰਸਿਟੀ ਦੇ ਸੈਂਟਰ ਆਫ਼ ਡਿਜੀਟਲ ਐਂਟਰਪ੍ਰਾਈਜ਼ (CODE) ਦੇ 'ਸਲਾਹਕਾਰ ਬੋਰਡ ਮੈਂਬਰ' (Advisory Board Member) ਹਨ ਅਤੇ ਪਹਿਲਾਂ ਨਿਊਜ਼ੀਲੈਂਡ ਏਸ਼ੀਅਨ ਲੀਡਰਜ਼ ਅਤੇ ਹੋਰ ਫਾਊਂਡੇਸ਼ਨਾਂ ਦੇ ਬੋਰਡ ਵਿੱਚ ਵੀ ਸੇਵਾਵਾਂ ਦੇ ਚੁੱਕੇ ਹਨ।
ਅਜਿਹੀ ਆਸ ਹੈ ਕਿ ਇਸ ਸਿਖਰਲੇ ਅਹੁਦੇ ਲਈ ਉਹ 2 ਮਿਲੀਅਨ (ਨਿਊਜ਼ੀਲੈਂਡ ਡਾਲਰ) ਤੋਂ ਵੱਧ ਦੇ ਸਾਲਾਨਾ ਤਨਖਾਹ ਦੇ ਹੱਕਦਾਰ ਹੋਣਗੇ। ਏਅਰ ਨਿਊਜ਼ੀਲੈਂਡ ਦੇ ਬੇੜੇ ਵਿੱਚ ਇਸ ਸਮੇਂ ਬੋਇੰਗ (Boeing), ਏਅਰਬੱਸ (Airbus) ਅਤੇ ਏਟੀਆਰ (ATR) ਸਮੇਤ 115 ਵੱਖ-ਵੱਖ ਕਿਸਮਾਂ ਦੇ ਜਹਾਜ਼ ਹਨ। ਨਿਖਿਲ ਦੀ ਸਿੱਖਿਆ ਅਤੇ ਕਾਬਲੀਅਤ ਨੇ ਉਨ੍ਹਾਂ ਨੂੰ ਇਸ ਅਹੁਦੇ ਤੱਕ ਪਹੁੰਚਾ ਕੇ ਦੁਨੀਆ ਭਰ ਵਿੱਚ ਭਾਰਤੀਆਂ ਦਾ ਮਾਣ ਵਧਾਇਆ ਹੈ।