Babushahi Special ਤਰਨ ਤਾਰਨ ਜਿਮਨੀ ਚੋਣ ਨੇ ਸਰਕਾਰ ਉਲਝਾਈ ਬਠਿੰਡਾ ਵਿੱਚ ਨਹੀਂ ਹੁੰਦੀ ਝੋਨੇ ਦੀ ਚੁਕਾਈ
ਅਸ਼ੋਕ ਵਰਮਾ
ਬਠਿੰਡਾ, 21 ਅਕਤੂਬਰ 2025: ਬਠਿੰਡਾ ਜਿਲ੍ਹੇ ਦੇ ਖਰੀਦ ਕੇਂਦਰਾਂ ’ਚ ਲੱਖਾਂ ਬੋਰੀਆਂ ਚੁਕਾਈ ਬਿਨਾਂ ਪਈਆਂ ਹਨ ਜਿਸ ਕਰਕੇ ਖਰੀਦ ਕੇਂਦਰ ਨੱਕੋ-ਨੱਕ ਭਰ ਗਏ ਹਨ। ਖਰੀਦ ਦਾ ਕੰਮ ਤਾਂ ਤੇਜ ਰਫਤਾਰ ਨਾਲ ਚੱਲ ਰਿਹਾ ਹੈ ਪਰ ਲਿਫਟਿੰਗ ਨੇ ਗਤੀ ਨਹੀਂ ਫੜੀ ਹੈ। ਪੰਜਾਬ ਸਰਕਾਰ ਦਾ ਧਿਆਨ ਤਰਨਤਾਰਨ ਹਲਕੇ ਦੀ ਜਿਮਨੀ ਚੋਣ ਵੱਲ ਲੱਗਿਆ ਹੋਣ ਕਰਕੇ ਬਠਿੰਡਾ ਜਿਲ੍ਹੇ ਦੇ ਖ਼ਰੀਦ ਕੇਂਦਰਾਂ ’ਚ ਫ਼ਸਲ ਦੀ ਲਿਫ਼ਟਿੰਗ ਇੱਕ ਤਰਾਂ ਨਾਲ ਚੁਣੌਤੀ ਬਣ ਗਈ ਹੈ। ਇਕੱਲੇ ਬਠਿੰਡਾ ਜਿਲ੍ਹੇ ਦੀਆਂ ਮੰਡੀਆਂ ਵਿੱਚ ਕਰੀਬ 20 ਲੱਖ ਬੋਰੀ ਚੁਕਾਈ ਦੀ ਉਡੀਕ ’ਚ ਪਈ ਹੈ ਜਦੋਂਕਿ ਸਮੁੱਚੇ ਪੰਜਾਬ ਦਾ ਅੰਕੜਾ ਕਰੋੜਾਂ ਵਿੱਚ ਬਣਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਬਹੁਤੇ ਖ਼ਰੀਦ ਕੇਂਦਰਾਂ ਵਿੱਚ ਨਵੀਂ ਫ਼ਸਲ ਉਤਾਰਨ ਵਾਸਤੇ ਥਾਂ ਵੀ ਨਹੀਂ ਬਚੀ ਪਰ ਸਰਕਾਰ ਦਾ ਇਸ ਤਰਫ ਧਿਆਨ ਨਹੀਂ ਹੈ। ਕਿਸਾਨ ਸਵਾਲ ਕਰਦੇ ਹਨ ਕਿ ਉਹ ਆਪਣੀ ਜਿਣਸ ਕਿੱਥੇ ਉਤਾਰਨ।
ਪਹਿਲੀ ਦਫ਼ਾ ਹੈ ਕਿ ਲਿਫ਼ਟਿੰਗ ਕੀੜੀ ਚਾਲ ਚੱਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਖ਼ਰੀਦ ਕੇਂਦਰਾਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਸਨ। ਇਸ ਮਾਮਲੇ ਨੂੰ ਲੈਕੇ ਅਧਿਕਾਰੀ ਚੁੱਪ ਹਨ ਅਤੇ ਉਨ੍ਹਾਂ ਦਾ ਧਿਆਨ ਖਰੀਦ ਵੱਲ ਜਿਆਦਾ ਲੱਗਿਆ ਹੋਇਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਕਿ ਮੰਡੀਆਂ ਵਿੱਚ ਖਰੀਦ ਦੇ ਮਾਮਲੇ ਤੇ ਸਰਕਾਰ ਖਿਲਾਫ ਨਾਅਰੇ ਨਹੀਂ ਲੱਗਣੇ ਚਾਹੀਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਤੱਕ ਬਠਿੰਡਾ ਜਿਲ੍ਹੇ ਦੀਆਂ ਮੰਡੀਆਂ ਵਿੱਚ 2 ਲੱਖ 7 ਹਜ਼ਾਰ 900 ਮੀਟਰਿਕ ਟਨ ਝੋਨਾ ਮੰਡੀਆਂ ਵਿੱਚ ਪੁੱਜਿਆ ਸੀ। ਇਸ ਚੋ 1 ਲੱਖ 83 ਹਜ਼ਾਰ 739 ਮੀਟਰਿਕ ਟਨ ਫਸਲ ਖਰੀਦੀ ਜਾ ਚੁੱਕੀ ਹੈ। ਪਿਛੇ ਦਸ ਦਿਨਾਂ ਤੋਂ ਮੌਸਮ ਸਾਫ ਅਤੇ ਗਰਮ ਹੋਣ ਕਰਕੇ ਖਰੀਦ ਕੇਂਦਰਾਂ ਵਿੱਚ ਫਸਲ ਖਰੀਦਣ ਦਾ ਕੰਮ ਤੇਜੀ ਫੜ ਗਿਆ ਸੀ। ਕਿਸਾਨ ਆਖਦੇ ਹਨ ਕਿ ਮੰਡੀਆਂ ਵਿੱਚ ਲਿਫਟਿੰਗ ਦਾ ਕੰਮ ਕਾਫੀ ਮੱਠਾ ਚੱਲ ਰਿਹਾ ਹੈ।
ਆੜ੍ਹਤੀਏ ਅੰਦਰੋ ਅੰਦਰੀ ਇਸ ਗੱਲੋਂ ਔਖੇ ਸਨ ਕਿ ਚੁਕਾਈ ਨਾ ਹੋਣ ਕਰਕੇ ਧੁੱਪ ਵਿੱਚ ਪਏ ਝੋਨੇ ਦੇ ਵਜ਼ਨ ਵਿੱਚ ਕਮੀ ਹੋ ਜਾਂਦੀ ਹੈ ਜਿਸ ਦਾ ਭਾਰ ਸਰਕਾਰ ਉਨ੍ਹਾਂ ’ਤੇ ਪਾ ਦਿੰਦੀ ਹੈ। ਕਿਸਾਨ ਜਰਨੈਲ ਸਿੰਘ ਨੇ ਆਖਿਆ ਕਿ ਕਿਸਾਨਾਂ ਨੂੰ ਵੋਟਾਂ ਦਾ ਨਹੀਂ, ਜਿਣਸ ਦਾ ਫ਼ਿਕਰ ਹੈ। ਉਨ੍ਹਾਂ ਆਖਿਆ ਕਿ ਹੁਣ ਜਿਹੜੀ ਫਸਲ ਪਿੱਛੇ ਬਾਕੀ ਰਹਿੰਦੀ ਹੈ ਉਸ ਨੂੰ ਮੰਡੀ ’ਚ ਸੁੱਟਣ ਮੌਕੇ ਦਿੱਕਤ ਬਣ ਸਕਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਦਾ ਤਕਰੀਬਨ 70 ਤੋਂ 80 ਫੀਸਦੀ ਕੰਮ ਪ੍ਰਵਾਸੀ ਮਜ਼ਦੂਰਾਂ ਦੇ ਭਰੋਸੇ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਬਿਹਾਰ ਅਤੇ ਉੱਤਰ ਪ੍ਰਦੇਸ਼ ਚੋਂ ਪ੍ਰਵਾਸੀ ਮਜ਼ਦੂਰਾਂ ਦੀ ਆਮਦ ’ਚ ਭਾਰੀ ਕਮੀ ਦਰਜ ਕੀਤੀ ਗਈ ਹੈ। ਉੱਪਰੋਂ ਦਿਵਾਲੀ ਅਤੇ ਛਠ ਪੂਜਾ ਹੋਣ ਕਰਕੇ ਲੇਬਰ ਆਪੋ ਆਪਣੇ ਸੂਬਿਆਂ ਨੂੰ ਚਲੀ ਗਈ ਹੈ ਜੋ ਤਿਉਹਾਰ ਤੋਂ ਬਾਅਦ ਹੀ ਪਰਤੇਗੀ।
ਬਠਿੰਡਾ ਮੰਡੀ ਚੋਂ ਹਾਸਲ ਜਾਣਕਾਰੀ ਅਨੁਸਾਰ ਲੇਬਰ ਦੀ ਘਾਟ ਕਾਰਨ ਲਿਫਟਿੰਗ ਅਤੇ ਇਸ ਦੀ ਟਰਾਂਸਪੋਰਟੇਸ਼ਨ ਦਾ ਕੰਮ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਜਿਲ੍ਹੇ ਦਾ ਕੋਈ ਵੀ ਖਰੀਦ ਕੇਂਦਰ ਅਜਿਹਾ ਨਹੀਂ ਹੈ ਜਿੱਥੇ ਇਸ ਕਿਸਮ ਦੀ ਸਮੱਸਿਆ ਨਾਂ ਹੋਵੇ। ਭਗਤਾ ਭਾਈ ਦੇ ਆੜ੍ਹਤੀ ਆਗੂ ਜਗਮੋਹਨ ਲਾਲ ਦਾ ਕਹਿਣਾ ਸੀ ਕਿ ਹਰ ਸਾਲ ਚੁਕਾਈ ਦੀ ਸਮੱਸਿਆ ਬਣਦੀ ਹੈ ਫਿਰ ਵੀ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਾਲਵੇ ’ਚ ਸਥਿਤੀ ਇੱਕੋ ਜਿਹੀ ਹੈ ਅਤੇ ਲੱਖਾਂ ਬੋਰੀਆਂ ਨੂੰ ਚੁੱਕੇ ਜਾਣ ਦਾ ਇੰਤਜ਼ਾਰ ਬਣਿਆ ਹੋਇਆ ਹੈ। ਮੰਡੀਆਂ ਵਿੱਚ ਬੈਠੇ ਕਿਸਾਨਾਂ ਦਾ ਇੱਕੋ ਸ਼ਿਕਵਾ ਸੀ ਕਿ ਵੋਟਾਂ ਵਿੱਚ ਉਲਝੀ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰ ਦੀ ਤਰਜੀਹ ਤਰਨ ਤਾਰਨ ਜਿਮਨੀ ਚੋਣ ਦੌਰਾਨ ਜਿੱਤ ਹੈ ਕਿਸਾਨਾਂ ਦੀ ਫਸਲ ਨਹੀਂ ਜਿਸ ਕਰਕੇ ਇਹ ਸੰਕਟ ਬਣਿਆ ਹੈ।
ਪ੍ਰਸ਼ਾਸ਼ਨ ਦਾ ਦਾਅਵਾ
ਲੰਘੀ 23 ਸਤੰਬਰ ਨੂੰ ਪ੍ਰੈਸ ਨੋਟ ਜਾਰੀ ਕਰਕੇ ਡਿਪਟੀ ਕਮਿਸ਼ਨਰ ਬਠਿੰਫਾ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੱਤੀ ਸੀ ਕਿ ਜਿਲ੍ਹੇ ’ਚ ਝੋਨੇ ਦੀ ਸੁਚਾਰੂ ਢੰਗ ਨਾਲ ਖਰੀਦ ਕਰਨ ਲਈ 189 ਖਰੀਦ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਦੀ ਖਰੀਦ, ਚੁਕਾਈ ਅਤੇ ਅਦਾਇਗੀ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਲਈ ਸਮੂਹ ਖਰੀਦ ਏਜੰਸੀਆਂ ਦੇ ਜਿਲ੍ਹਾ ਮੈਨੇਜਰਾਂ ਨੂੰ ਲਿਫਟਿੰਗ ਸਮੇਂ ਸਿਰ ਕਰਵਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਹਨ।
ਸਰਕਾਰ ਪਬੰਧਾਂ ’ਚ ਅਸਫਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਲਿਫਟਿੰਗ ਦੇ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸਨ ਜਦੋਂਕਿ ਪ੍ਰਸ਼ਾਸ਼ਨ ਇਸ ਮਾਮਲੇ ’ਚ ਅਸਫਲ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਝੱਲਣੀ ਪਈ ਅਤੇ ਮੌਜੂਦਾ ਸੰਕਟ ਦਾ ਕੋਈ ਹੱਲ ਨਾਂ ਕੱਢਿਆ ਗਿਆ ਤਾਂ ਉਹ ਸੜਕਾਂ ’ਤੇ ਉਤਰਨ ਤੋਂ ਗੁਰੇਜ਼ ਨਹੀਂ ਕਰਨਗੇ।
ਡੀਸੀ ਨੇ ਫੋਨ ਨਹੀਂ ਚੁੱਕਿਆ
ਬਠਿੰਡਾ ਜਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਫੋਨ ਨਹੀਂ ਚੁੱਕਿਆ ਅਤੇ ਮੈਸੇਜ਼ ਦਾ ਜਵਾਬ ਵੀ ਨਹੀਂ ਦਿੱਤਾ।