ਮਾਪਿਆਂ ਦੇ ਵੀਜ਼ੇ ਲਈ ਅਰਜ਼ੀਆਂ ਦੀ ਭਰਮਾਰ- (Parent Boost Visa-ਭਾਪਾ-ਬੀਬੀ ਵੀਜ਼ਾ)
‘ਪੇਰੈਂਟ ਬੂਸਟ ਵੀਜ਼ਾ’ ਰਾਹੀਂ ਹੁਣ ਨਿਊਜ਼ੀਲੈਂਡ ਨਾਗਰਿਕ ਤੇ ਵਸਨੀਕ ਮਾਪਿਆਂ ਨੂੰ ਪੰਜ ਸਾਲਾਂ ਤੱਕ ਮੰਗਵਾ ਰਹੇ ਹਨ-ਮੰਤਰੀ ਸਾਹਿਬਾ
- 15 ਦਿਨਾਂ ਅੰਦਰ 200 ਦੇ ਕਰੀਬ ਅਰਜ਼ੀਆਂ ਪ੍ਰਾਪਤ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 18 ਅਕਤੂਬਰ 2025-ਨਿਊਜ਼ੀਲੈਂਡ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ‘ਪੇਰੇਂਟ ਬੂਸਟ ਵੀਜ਼ਾ’ ਸ਼੍ਰੇਣੀ ਅਧੀਨ ਕਾਫੀ ਲੋਕ ਵੀਜ਼ੇ ਅਪਲਾਈ ਕਰ ਰਹੇ ਹਨ। ਇਮੀਗ੍ਰੇਸ਼ਨ ਮੰਤਰੀ ਅਨੁਸਾਰ ਪਹਿਲੇ 15 ਦਿਨਾਂ ਦੇ ਵਿਚ ਹੀ 200 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋਈਆਂ। ਕੁਝ ਦਾ ਵੀਜ਼ਾ ਤਾਂ 2 ਦਿਨ ਬਾਅਦ ਹੀ ਮੰਜ਼ੂਰ ਕਰ ਦਿੱਤਾ ਗਿਆ। ਸਰਕਾਰ ਨੂੰ ਹਰ ਸਾਲ 2000-10,000 ਅਰਜ਼ੀਆਂ ਦੀ ਉਮੀਦ ਹੈ, ਜਿਸਦਾ ਮਾਡਲ ਸਾਲਾਨਾ 6000 ਅਰਜ਼ੀਆਂ ’ਤੇ ਆਧਾਰਿਤ ਹੈ।
ਵਰਨਣਯੋਗ ਹੈ ਕਿ ‘ਪੇਰੈਂਟ ਬੂਸਟ ਵੀਜ਼ਾ’ ਜਿਸ ਨੂੰ ਸੋਸ਼ਲ ਮੀਡੀਆ ਉਤੇ ਦੇਸੀ ਤਰੀਕੇ ਨਾਲ ਟਰੋਲ ਕਰਦਿਆਂ ‘ਭਾਪਾ ਬੀਬੀ ਵੀਜ਼ਾ ਜਾਂ ਪਾਪਾ-ਬੀਬੀ ਵੀਜ਼ਾ’ ਵੀ ਕਿਹਾ ਜਾ ਰਿਹਾ ਹੈ, ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਵਸਨੀਕਾਂ ਦੇ ਮਾਪਿਆਂ ਨੂੰ ਨਿਊਜ਼ੀਲੈਂਡ ਵਿੱਚ ਪੰਜ ਸਾਲਾਂ ਤੱਕ ਰਹਿਣ ਦੀ ਪੇਸ਼ਕਸ਼ ਕਰਦਾ ਹੈ। ਅਗਲੇ ਪੰਜ ਸਾਲਾਂ ਦੇ ਲਈ ਫਿਰ ਅਰਜ਼ੀ ਦਿੱਤੀ ਜਾ ਸਕੇਗੀ। ਪਹਿਲੇ ਤਿੰਨ ਸਾਲ ਬਾਅਦ ਮੈਡੀਕਲ ਲਈ ਬਾਹਰ ਜਾਣਾ ਪਵੇਗਾ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵੀਜ਼ਾ ਡਾਇਰੈਕਟਰ ਜੌਕ ਗਿਲਰੇ ਨੇ ਕਿਹਾ, ਹਾਲਾਂਕਿ ਇਹ ਵੀਜ਼ਾ ਰਿਹਾਇਸ਼ ਲਈ ਕੋਈ ਰਸਤਾ ਪ੍ਰਦਾਨ ਨਹੀਂ ਕਰਦਾ, ਪਰ ਇਹ ਪਰਿਵਾਰਾਂ ਲਈ ਲੰਬਾ ਸਮਾਂ ਇਕੱਠੇ ਬਿਤਾਉਣ ਦਾ ਇੱਕ ‘ਸਾਰਥਕ ਤਰੀਕਾ’ ਪੇਸ਼ ਕਰਦਾ ਹੈ। ਇਸਦੇ ਲਈ ਸਪਾਂਸਰਸ਼ਿਪ ਅਤੇ ਮੈਡੀਕਲ ਬੀਮਾ ਲੋੜੀਂਦੇ ਹਨ। ਸਪਾਂਸਰ ਕਰਨ ਵਾਲੇ ਨੂੰ ਮਾਪਿਆਂ ਵਿਚੋਂ ਇਕ ਨੂੰ ਸਪਾਂਸਰ ਕਰਨ ਲਈ ਔਸਤ ਤਨਖਾਹ ਕਮਾਉਣੀ ਪਵੇਗੀ ਅਤੇ ਦੋਵਾਂ ਮਾਪਿਆਂ ਲਈ ਔਸਤ ਤਨਖਾਹ ਦਾ ਡੇਢ ਗੁਣਾ ਕਮਾਉਣਾ ਚਾਹੀਦਾ ਹੈ।
ਮਾਪਿਆਂ ਦੀ ਰਿਹਾਇਸ਼
ਇਸ ਦੌਰਾਨ, ਮਾਪਿਆਂ ਦੇ ਰਿਹਾਇਸ਼ੀ ਵੀਜ਼ੇ ਤਹਿਤ ਆਪਣੇ ਮਾਪਿਆਂ ਨੂੰ ਸਥਾਈ ਤੌਰ ’ਤੇ ਲਿਆਉਣ ਦੀ ਉਮੀਦ ਰੱਖਣ ਵਾਲੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਸਮੀਖਿਆ ਲਈ ਸਰਕਾਰ ਦੀ ਸਮਾਂ-ਰੇਖਾ ਲਗਾਤਾਰ ਬਦਲ ਰਹੀ ਹੈ। ਮਾਪਿਆਂ ਦੇ ਰਿਹਾਇਸ਼ੀ ਵੀਜ਼ੇ ਲਈ ਅਰਜ਼ੀ ਦੇਣ ਲਈ, ਬਿਨੈਕਾਰਾਂ ਨੂੰ ’ਦਿਲਚਸਪੀ ਦਾ ਪ੍ਰਗਟਾਵਾ’ (expression of interest) ਜਮ੍ਹਾਂ ਕਰਾਉਣਾ ਹੁੰਦਾ ਹੈ, ਜਦੋਂ ਤੱਕ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੁਆਰਾ ਅਰਜ਼ੀ ਨੂੰ ਬੇਤਰਤੀਬੇ (at random) ਢੰਗ ਨਾਲ ਨਹੀਂ ਚੁਣਿਆ ਜਾਂਦਾ ਅਤੇ ਅੱਗੇ ਦੀ ਕਾਰਵਾਈ ਨਹੀਂ ਕੀਤੀ ਜਾਂਦੀ।
ਜੁਲਾਈ ਵਿੱਚ, ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਦੱਸਿਆ ਸੀ ਕਿ ਬੈਲਟ ਸਕੀਮ ਦੀ ਦੁਬਾਰਾ ਸਮੀਖਿਆ ਕੀਤੀ ਜਾ ਰਹੀ ਹੈ, ਜਿਸਦੀ ਰਿਪੋਰਟ ਸੰਭਾਵਿਤ ਤੌਰ ’ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਆਉਣ ਦੀ ਉਮੀਦ ਹੈ। ਇਸ ਵੇਲੇ ਸਾਲ ਵਿੱਚ 2500 ਥਾਵਾਂ ਲਈ 15,400 ਸਪਾਂਸਰ ਇੰਤਜ਼ਾਰ ਕਰ ਰਹੇ ਸਨ ਅਤੇ ਕਿਸਦਾ ਕਦੋਂ ਨੰਬਰ ਆਵੇ ਕੋਈ ਪਤਾ ਨਹੀਂ ਹੈ।