Big Breaking: ਬਠਿੰਡਾ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤੇ ਪੰਜ ਬਦਮਾਸ਼
ਅਸ਼ੋਕ ਵਰਮਾ
ਬਠਿੰਡਾ, 17 ਫਰਵਰੀ 2026: ਬਠਿੰਡਾ ਵਿਖੇ ਖੰਡਰ ਬਣੀ ਪਰਲਜ ਕੰਪਨੀ ਦੀ ਇਮਾਰਤ ਵਿੱਚ ਪੁਲਿਸ ਨਾਲ ਹੋਏ ਇੱਕ ਜਬਰਦਸਤ ਮੁਕਾਬਲੇ ਦੌਰਾਨ ਪੰਜ ਬਦਮਾਸ਼ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ। ਇਸ ਕਾਰਵਾਈ ਨਾਲ ਇਲਾਕੇ ਵਿੱਚ ਲੁੱਟ-ਖੋਹ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ।ਇਹ ਪੁਲਿਸ ਮੁਕਾਬਲਾ ਉਦੋਂ ਹੋਇਆ ਜਦੋਂ ਸਵੇਰ ਵਕਤ ਥਾਣਾ ਕੋਤਵਾਲੀ ਦੀ ਪੁਲਿਸ ਨੇ ਇੱਕ ਸੂਚਨਾ ਦੇ ਆਧਾਰ ਤੇ ਇਸ ਇਮਾਰਤ ਵਿੱਚ ਛਾਪਾ ਮਾਰਿਆ। ਐਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਰੋਡ ’ਤੇ ਲੁੱਟ-ਖੋਹ ਅਤੇ ਨਸ਼ਾ ਤਸਕਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਦੋਂ ਥਾਣਾ ਕੋਤਵਾਲੀ ਦੀ ਪੁਲੀਸ ਮੌਕੇ ਤੇ ਪੁੱਜੀ ਤਾਂ ਉਥੇ ਛੁਪੇ ਹੋਏ ਬਦਮਾਸ਼ਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ।
ਇਸ ਮੌਕੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਵਿੱਚ ਜਵਾਬੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਨੀਰਜ ਉਰਫ ਕਾਲੂ ਨਾਮੀ ਬਦਮਾਸ਼ ਦੀ ਲੱਤ ਵਿੱਚ ਲੱਗੀ ਜਿਸ ਤੋਂ ਬਾਅਦ ਮੁਸਤੈਦ ਖਲੋਤੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਦਬੋਚ ਲਿਆ। ਐਸਪੀ ਨੇ ਦੱਸਿਆ ਕਿ ਇਸ ਮੌਕੇ ਗ੍ਰਿਫਤਾਰ ਕੀਤੇ ਬਾਕੀ ਮੁਲਜ਼ਮਾਂ ਦੀ ਪਹਿਚਾਣ ਬਿਕਰਮਜੀਤ, ਕਰਨ, ਰਾਹੁਲ, ਨੀਰਜ ਉਰਫ ਕਾਲੂ ਅਤੇ ਉਸਦੇ ਭਰਾ ਘੋਟਾ ਵਜੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਨੀਰਜ ਅਤੇ ਉਸਦੇ ਭਰਾ ਘੋਟੇ ਖਿਲਾਫ ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਅੱਧੀ ਅੱਧੀ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰਨ ਅਤੇ ਵਿਕਰਮਜੀਤ ਤੇ ਵੀ ਦੋ ਦੋ ਕੇਸ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ।ਐਸ ਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੋਤਵਾਲੀ ਪੁਲੀਸ ਨੇ ਇਨ੍ਹਾਂ ਸਮੂਹ ਮੁਲਜਮਾਂ ਖ਼ਿਲਾਫ਼ ਬੀ.ਐਨ.ਐਸ. ਦੀ ਧਾਰਾ 310 (2), ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।